ਮੁੱਖ ਅੰਸ਼
- ਕਮਿਸ਼ਨ ਨੇ ਮੁੱਖ ਮੰਤਰੀ ਦੇ ਫੱਟੜ ਹੋਣ ਲਈ ਸੁਰੱਖਿਆ ਇੰਚਾਰਜ ਦੀ ਅਣਗਹਿਲੀ ਨੂੰ ਜ਼ਿੰਮੇਵਾਰ ਠਹਿਰਾਇਆ
ਨਵੀਂ ਦਿੱਲੀ, 14 ਮਾਰਚ
ਚੋਣ ਕਮਿਸ਼ਨ ਨੇ ਅੱਜ ਕਿਹਾ ਹੈ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਸੱਟਾਂ ਹਮਲੇ ਕਾਰਨ ਨਹੀਂ ਲੱਗੀਆਂ ਹਨ। ਕਮਿਸ਼ਨ ਨੇ ਬੈਨਰਜੀ ਦੇ ਫੱਟੜ ਹੋਣ ਪਿੱਛੇ ਕਿਸੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਹਮਲਾ ਹੋਣ ਤੋਂ ਇਨਕਾਰ ਕੀਤਾ ਹੈ। ਚੋਣ ਕਮਿਸ਼ਨ ਨੇ ਸੰਕੇਤ ਕੀਤਾ ਹੈ ਕਿ ਮੁੱਖ ਮੰਤਰੀ ਨੂੰ ਲੱਗੀਆਂ ਸੱਟਾਂ ਸੁਰੱਖਿਆ ’ਚ ਅਣਗਹਿਲੀ ਦਾ ਨਤੀਜਾ ਹਨ। ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ਦੇ ਨੰਦੀਗ੍ਰਾਮ ਵਿਚ ਚੋਣ ਪ੍ਰਚਾਰ ਦੌਰਾਨ ਮਮਤਾ ਨੂੰ ਲੱਗੀ ਸੱਟ ਬਾਰੇ ਰਾਜ ਸਰਕਾਰ ਤੇ ਵਿਸ਼ੇਸ਼ ਚੋਣ ਨਿਗਰਾਨਾਂ ਨੇ ਕਮਿਸ਼ਨ ਨੂੰ ਰਿਪੋਰਟ ਸੌਂਪੀ ਸੀ। ਕਮਿਸ਼ਨ ਨੇ ਕਿਹਾ ਕਿ ਪਹਿਲੀ ਨਜ਼ਰੇ ਇਹ ਸਾਹਮਣੇ ਆਇਆ ਹੈ ਕਿ ਬੈਨਰਜੀ ਦੇ ਸੱਟ ਉਸ ਦੇ ਸੁਰੱਖਿਆ ਇੰਚਾਰਜ ਵੱਲੋਂ ਅਣਗਹਿਲੀ ਵਰਤਣ ਕਾਰਨ ਲੱਗੀ ਹੈ। ਰਿਪੋਰਟ ਦੇ ਅਧਾਰ ’ਤੇ ਚੋਣ ਕਮਿਸ਼ਨ ਹੁਣ ਹਦਾਇਤਾਂ ਜਾਰੀ ਕਰੇਗਾ। ਸੂਤਰਾਂ ਮੁਤਾਬਕ ਸਟਾਰ ਪ੍ਰਚਾਰਕ ਹੋਣ ਦੇ ਬਾਵਜੂਦ ਬੈਨਰਜੀ ਬੁਲੇਟਪਰੂਫ਼ ਜਾਂ ਵਿਸ਼ੇਸ਼ ਸਹੂਲਤਾਂ ਨਾਲ ਲੈਸ ਵਾਹਨ ਨਹੀਂ ਵਰਤ ਰਹੀ ਸੀ ਤੇ ਗਲਤੀ ਮੁੱਖ ਮੰਤਰੀ ਦੀ ਸੁਰੱਖਿਆ ਲਈ ਜ਼ਿੰਮੇਵਾਰ ਲੋਕਾਂ ਵੱਲੋਂ ਕੀਤੀ ਗਈ ਹੈ। ਵਿਸ਼ੇਸ਼ ਚੋਣ ਨਿਗਰਾਨਾਂ ਅਜੈ ਨਾਇਕ ਤੇ ਵਿਵੇਕ ਦੂਬੇ ਦੀ ਰਿਪੋਰਟ ਮੁਤਾਬਕ ਮਮਤਾ ਜਦ ਆਮ ਵਾਹਨ ਵਿਚ ਸੀ ਤਾਂ ਉਸ ਦਾ ਸਕਿਉਰਿਟੀ ਡਾਇਰੈਕਟਰ ਵਿਵੇਕ ਸਹਾਏ ਬੁਲੇਟਪਰੂਫ਼ ਕਾਰ ਵਿਚ ਸੀ। ਉਸੇ ਵੇਲੇ ਇਹ ਘਟਨਾ ਵਾਪਰ ਗਈ। ਇਸ ਤੋਂ ਇਲਾਵਾ ਜਿੱਥੇ ਘਟਨਾ ਵਾਪਰੀ ਹੈ, ਉਸ ਖੇਤਰ ਲਈ ਰਿਟਰਨਿੰਗ ਅਧਿਕਾਰੀ ਤੋਂ ਕੋਈ ਪ੍ਰਵਾਨਗੀ ਵੀ ਨਹੀਂ ਲਈ ਗਈ ਸੀ। ਇਸ ਲਈ ਚੋਣ ਕਮਿਸ਼ਨ ਉੱਥੇ ਕੋਈ ਵੀਡੀਓਗ੍ਰਾਫਰ ਜਾਂ ਫਲਾਇੰਗ ਦਸਤਾ ਨਹੀਂ ਤਾਇਨਾਤ ਕਰ ਸਕਿਆ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨੰਦੀਗ੍ਰਾਮ ਹਲਕੇ ਤੋਂ ਵਿਧਾਨ ਸਭਾ ਚੋਣਾਂ ਲਈ ਆਪਣੀ ਨਾਮਜ਼ਦਗੀ ਭਰੀ ਸੀ।
ਇਸ ਹਲਕੇ ਤੋਂ ਉਹ ਆਪਣੇ ਪੁਰਾਣੇ ਸਾਥੀ ਸਾਬਕਾ ਟੀਐਮਸੀ ਆਗੂ ਤੇ ਹੁਣ ਭਾਜਪਾ ਆਗੂ ਸ਼ੁਵੇਂਦੂ ਅਧਿਕਾਰੀ ਖ਼ਿਲਾਫ਼ ਚੋੜ ਲੜ ਰਹੀ ਹੈ। ਚੋਣ ਪ੍ਰਚਾਰ ਦੌਰਾਨ ਹੀ ਮਮਤਾ ਬੈਨਰਜੀ ਡਿੱਗ ਗਈ ਸੀ। ਮੁੱਖ ਮੰਤਰੀ ਦੀ ਖੱਬੀ ਲੱਤ ਤੇ ਲੱਕ ਉਤੇ ਸੱਟਾਂ ਲੱਗੀਆਂ ਸਨ। ਟੀਐਮਸੀ ਵੱਲੋਂ ਦੋਸ਼ ਲਾਏ ਗਏ ਸਨ ਕਿ ਮੁੱਖ ਮੰਤਰੀ ਨੂੰ ਅਣਪਛਾਤਿਆਂ ਨੇ ਧੱਕਾ ਦਿੱਤਾ ਹੈ। ਘਟਨਾ ਤੋਂ ਤੁਰੰਤ ਬਾਅਦ ਮਮਤਾ ਨੂੰ ਕੋਲਕਾਤਾ ਲਿਜਾ ਕੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਉਹ ਆਪਣੀ ਰਿਹਾਇਸ਼ ’ਤੇ ਚਲੀ ਗਈ ਸੀ ਤੇ ਹੁਣ ਮੁੜ ਚੋਣ ਪ੍ਰਚਾਰ ਆਰੰਭ ਦਿੱਤਾ ਹੈ। ਮਮਤਾ ਦੇ ਲੱਗੀਆਂ ਸੱਟਾਂ ਅਤੇ ਟੀਐਮਸੀ ਵੱਲੋਂ ਲਾਏ ਦੋਸ਼ਾਂ ’ਤੇ ਵਿਰੋਧੀ ਧਿਰਾਂ ਨੇ ਸਵਾਲ ਖੜ੍ਹੇ ਕੀਤੇ ਸਨ। ਟੀਐਮਸੀ ਨੇ ਉੱਚ ਪੱਧਰੀ ਜਾਂਚ ਲਈ ਚੋਣ ਕਮਿਸ਼ਨਰ ਨਾਲ ਵੀ ਮੁਲਾਕਾਤ ਕੀਤੀ ਸੀ। ਭਾਜਪਾ ਨੇ ਵੀ ਇਸ ਮਾਮਲੇ ’ਚ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ ਸੀ ਤੇ ਆਜ਼ਾਦ ਜਾਂਚ ਮੰਗੀ ਸੀ। -ਪੀਟੀਆਈ