ਨੂਹ (ਹਰਿਆਣਾ), 5 ਅਕਤੂਬਰ
ਪੁਨਹਾਨਾ ਥਾਣੇ ਅਧੀਨ ਪੈਂਦੇ ਪਿੰਡ ਐਂਚਲਵਾੜੀ ਵਿੱਚ ਕੁੱਝ ਲੋਕਾਂ ਨੇ 40 ਸਾਲਾ ਵਿਅਕਤੀ ਦੀ ਕੁੱਟ ਕੁੱਟ ਕੇ ਹੱਤਿਆ ਕਰ ਦਿੱਤੀ। ਪੁਲੀਸ ਨੇ ਅੱਜ ਦੱਸਿਆ ਕਿ ਇਹ ਘਟਨਾ ਮੰਗਲਵਾਰ ਦੀ ਹੈ ਅਤੇ ਪੁਨਹਾਨਾ ਥਾਣੇ ਵਿੱਚ 12 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਮ੍ਰਿਤਕ ਦੀ ਪਛਾਣ ਮੁਬੀਨ ਵਾਸੀ ਪਿੰਡ ਐਂਚਲਵਾੜੀ ਵਜੋਂ ਹੋਈ ਹੈ। ਪੀੜਤ ਦੇ ਭਰਾ ਨੇ ਪੁਲੀਸ ਨੂੰ ਦੱਸਿਆ ਕਿ ਗ਼ੈਰਕਾਨੂੰਨੀ ਖਣਨ ਵਿੱਚ ਸ਼ਾਮਲ ਕੁੱਝ ਲੋਕ ਪੱਥਰ ਲਿਆ ਰਹੇ ਸਨ ਅਤੇ ਉਨ੍ਹਾਂ ਦੇ ਟਰੈਕਟਰ ਦੀ ਰਫ਼ਤਾਰ ਤੇਜ਼ ਸੀ। ਮੁਬੀਨ ਵੱਲੋਂ ਟਰੈਕਟਰ ਹੌਲੀ ਚਲਾਉਣ ਲਈ ਕਹਿਣ ’ਤੇ ਉਨ੍ਹਾਂ ਨੇ ਬਹਿਸ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਕੁੱਝ ਲੋਕਾਂ ਨੇ ਮੁਬੀਨ ’ਤੇ ਪੱਥਰਾਂ, ਸੋਟੀਆਂ ਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰ ਦਿੱਤਾ ਅਤੇ ਉਸ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ। ਐੱਸਐੱਚਓ ਇੰਸਪੈਕਟਰ ਸੰਦੀਪ ਮੋਰ ਨੇ ਕਿਹਾ ਕਿ ਮੁਲਜ਼ਮ ਫ਼ਰਾਰ ਹਨ। ਉਨ੍ਹਾਂ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ। -ਪੀਟੀਆਈ