ਜੈਪੁਰ, 14 ਜੂਨ: ਰਾਜਸਥਾਨ ਦੇ ਚਿਤੌੜਗੜ੍ਹ ਜ਼ਿਲ੍ਹੇ ’ਚ ਪਸ਼ੂ ਤਸਕਰੀ ਦੇ ਸ਼ੱਕ ਹੇਠ ਭੀੜ ਨੇ ਇਕ ਵਿਅਕਤੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਜਦਕਿ ਇਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ। ਪੁਲੀਸ ਨੇ ਕਿਹਾ ਕਿ ਪੀੜਤ ਵਿਅਕਤੀ ਤਿੰਨ ਬੈਲ ਖੇਤੀ ਦੇ ਕੰਮਾਂ ਲਈ ਮੱਧ ਪ੍ਰਦੇਸ਼ ਲੈ ਕੇ ਜਾ ਰਹੇ ਸਨ। ਲੋਕਾਂ ਨੂੰ ਜਦੋਂ ਪਤਾ ਲੱਗਾ ਤਾਂ ਉਨ੍ਹਾਂ ਲਾਠੀਆਂ ਨਾਲ ਵਿਅਕਤੀਆਂ ਨੂੰ ਬੁਰੀ ਤਰ੍ਹਾਂ ਕੁੱਟਿਆ। ਇਹ ਘਟਨਾ 13 ਅਤੇ 14 ਜੂਨ ਦੀ ਦਰਮਿਆਨੀ ਰਾਤ ਨੂੰ ਭੀਲਖੰਡ ਨੇੜੇ ਵਾਪਰੀ। ਐੱਸਪੀ ਦੀਪਕ ਭਾਰਗਵ ਨੇ ਕਿਹਾ ਕਿ ਮੱਧ ਪ੍ਰਦੇਸ਼ ਦੇ ਝਾਬੁਆ ਜ਼ਿਲ੍ਹੇ ਨਾਲ ਸਬੰਧਤ ਬਾਬੂ ਭੀਲ ਅਤੇ ਪਿੰਟੂ ਭੀਲ ਹਮਲੇ ’ਚ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿਥੇ ਬਾਬੂ ਭੀਲ ਨੇ ਦਮ ਤੋੜ ਦਿੱਤਾ। ਐੱਸਪੀ ਨੇ ਦੱਸਿਆ ਕਿ ਹਮਲੇ ਦੇ ਦੋਸ਼ ਹੇਠ 7-8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪਸ਼ੂਆਂ ਨੂੰ ਖ਼ਰੀਦੇ ਜਾਣ ਸਬੰਧੀ ਪਿੰਟੂ ਕੋਈ ਕਾਗਜ਼ ਨਹੀਂ ਦਿਖਾ ਸਕਿਆ। ਹਮਲਾਵਰਾਂ ਨੇ ਦੋਸ਼ ਲਾਇਆ ਕਿ ਇਹ ਵਿਅਕਤੀ ਗਾਂ ਦੀ ਤਸਕਰੀ ਕਰ ਰਹੇ ਸਨ ਪਰ ਜਾਂਚ ’ਚ ਪਤਾ ਲੱਗਾ ਕਿ ਉਹ ਬੈਲ ਲੈ ਕੇ ਜਾ ਰਹੇ ਸਨ। ਵਧੀਕ ਡਾਇਰੈਕਟਰ ਜਨਰਲ (ਕ੍ਰਾਈਮ) ਰਵੀ ਮਹੇਰੜਾ ਨੇ ਜੈਪੁਰ ’ਚ ਕਿਹਾ ਕਿ ਹੱਤਿਆ ਦਾ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਦੈਪੁਰ ਰੇਂਜ ਦੇ ਆਈਜੀ ਨੇ ਵੀ ਚਿਤੌੜਗੜ੍ਹ ਪਹੁੰਚ ਕੇ ਘਟਨਾ ਦੀ ਜਾਣਕਾਰੀ ਲਈ। -ਪੀਟੀਆਈ