* ਅਤਿਵਾਦੀਆਂ ਵੱਲੋਂ ਜਿਰੀਬਾਮ ਜ਼ਿਲ੍ਹੇ ’ਚ ਦੁਕਾਨਾਂ ਸਾੜਨ ਮਗਰੋਂ ਹੋਇਆ ਮੁਕਾਬਲਾ
ਇੰਫਾਲ, 11 ਨਵੰਬਰ
ਮਨੀਪੁਰ ਦੇ ਜਿਰੀਬਾਮ ਜ਼ਿਲ੍ਹੇ ’ਚ ਅੱਜ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 11 ਮਸ਼ਕੂਕ ਅਤਿਵਾਦੀ ਮਾਰੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਬੋਰੋਬੇਕਰਾ ਸਬ ਡਿਵੀਜ਼ਨ ਦੇ ਅਧੀਨ ਪੈਂਦੇ ਜਕੂਰਾਡੋਰ ਕਾਰੋਂਗ ’ਚ ਹੋਈ ਦੁਵੱਲੀ ਗੋਲਬਾਰੀ ’ਚ ਸੀਆਰਪੀਐੱਫ ਦੇ ਦੋ ਜਵਾਨ ਵੀ ਜ਼ਖ਼ਮੀ ਗੰਭੀਰ ਹੋਏ ਹਨ। ਜ਼ਖ਼ਮੀ ਜਵਾਨਾਂ ’ਚੋਂ ਇੱਕ ਦੀ ਹਾਲਤ ਗੰਭੀਰ ਹੈ। ਅਧਿਕਾਰੀਆਂ ਮੁਤਾਬਕ ਹਥਿਆਰਬੰਦ ਅਤਿਵਾਦੀਆਂ ਨੇ ਜਿਰੀਬਾਮ ਜ਼ਿਲ੍ਹੇ ਦੇ ਜਕੂਰਾਡੋਰ ਕਾਰੋਂਗ ’ਚ ਕਈ ਦੁਕਾਨਾਂ ਨੂੰ ਅੱੱਗ ਲਾਉਣ ਤੋਂ ਇਲਾਵਾ ਕੁਝ ਘਰਾਂ ਅਤੇ ਨੇੜੇ ਸਥਿਤ ਸੀਆਰਪੀਐੱਫ ਦੇ ਕੈਂਪ ਹਮਲਾ ਕੀਤਾ, ਜਿਸ ਮਗਰੋਂ ਦੋਵਾਂ ਧਿਰਾਂ ਵਿਚਾਲੇ ਮੁਕਾਬਲਾ ਸ਼ੁਰੂ ਹੋ ਗਿਆ। ਉਨ੍ਹਾਂ ਦੱਸਿਆ ਕਿ ਮੁਕਾਬਲੇ ਤੋਂ ਬਾਅਦ ਪੰਜ ਨਾਗਰਿਕ ਹਾਲੇ ਵੀ ਲਾਪਤਾ ਹਨ ਪਰ ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਨੂੰ ਉਥੋਂ ਫ਼ਰਾਰ ਹੋ ਰਹੇ ਅਤਿਵਾਦੀਆਂ ਨੇ ਅਗਵਾ ਕਰ ਲਿਆ ਜਾਂ ਹਮਲਾ ਸ਼ੁਰੂ ਹੋਣ ਮਗਰੋਂ ਉਹ ਕਿਤੇ ਲੁਕ ਗਏ। ਅਧਿਕਾਰੀਆਂ ਨੇ ਦੱਸਿਆ ਕਿ ਮਾਰੇ ਗਏ ਵਿਅਕਤੀਆਂ ਦੀਆਂ ਲਾਸ਼ਾਂ ਬੋਰੋਬੇਕਰਾ ਪੁਲੀਸ ਥਾਣੇ ’ਚ ਲਿਆਂਦੀਆਂ ਗਈਆਂ ਹਨ।
ਅਧਿਕਾਰੀਆਂ ਮੁਤਾਬਕ ਇਸ ਪਹਿਲਾਂ ਅਤਿਵਾਦੀਆਂ ਨੇ ਜਿਰੀਬਾਮ ਜ਼ਿਲ੍ਹੇ ਦੀ ਬੋਰੋਬੇਕਰਾ ਸਬ ਡਿਵੀਜ਼ਨ ’ਚ ਕਈ ਦੁਕਾਨਾਂ ਨੂੰ ਅੱਗ ਲਾ ਦਿੱਤੀ। ਉਨ੍ਹਾਂ ਕਿਹਾ ਕਿ ਅਤਿਵਾਦੀਆਂ ਨੇ ਬਾਅਦ ਦੁਪਹਿਰ ਲਗਪਗ 2.30 ਵਜੇ ਬੋਰੋਬੇਕਰਾ ਥਾਣੇ ਵੱਲ ਗੋਲੀਆਂ ਚਲਾਈਆਂ ਤੇ ਜਕੂਰਾਡੋਰ ਕਾਰੋਂਗ ਵੱਲ ਵਧਦਿਆਂ ਅੱਗਜ਼ਨੀ ਕੀਤੀ। ਇਸ ਮਗਰੋਂ ਸੁਰੱਖਿਆ ਬਲਾਂ ਤੇ ਅਤਿਵਾਦੀਆਂ ਵਿਚਾਲੇ ਮੁਕਾਬਲਾ ਸ਼ੁਰੂ ਹੋ ਗਿਆ। ਜਕੂਰਾਡੋਰ ਕਾਰੋਂਗ ਇਲਾਕਾ ਬੋਰੋਬੇਕਰਾ ਥਾਣੇ ਦੇ ਨੇੜੇ ਹੈ। ਇੱਥੋਂ ਨੇੜੇ ਹੀ ਇੱਕ ਰਾਹਤ ਕੈਂਪ ਵੀ ਹੈ। ਜੂਨ ਮਹੀਨੇ ਹਿੰਸਾ ਭੜਕਣ ਮਗਰੋਂ ਬੋਰੋਬੇਕਰਾ ਸਬ ਡਿਵੀਜ਼ਨ ’ਚ ਹਮਲੇ ਅਤੇ ਅੱਗਜ਼ਨੀ ਦੀਆਂ ਕਈ ਘਟਨਾਵਾਂ ਵਾਪਰੀਆਂ ਸਨ। ਇਹ ਇਲਾਕਾ ਜ਼ਿਲ੍ਹੇ ਦੇ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਇਲਾਕਿਆਂ ਵਿੱਚੋਂ ਇੱਕ ਹੈ। ਪਿਛਲੇ ਹਫ਼ਤੇ ਹਥਿਆਰਬੰਦ ਅਨਸਰਾਂ ਨੇ ਜ਼ੈਰੋਨ ਹਮਾਰ ਪਿੰਡ ’ਚ ਹਮਲਾ ਕੀਤਾ ਸੀ ਜਿੱਥੇ 31 ਵਰ੍ਹਿਆਂ ਦੀ ਇੱਕ ਔਰਤ ਦੀ ਮੌਤ ਮਗਰੋਂ ਜ਼ਿਲ੍ਹੇ ’ਚ ਤਣਾਅ ਫੈਲ ਗਿਆ ਸੀ। ਇਸੇ ਦੌਰਾਨ ਮਨੀਪੁੁਰ ਪੁਲੀਸ ਨੇ ‘ਐਕਸ’ ਉੱਤੇ ਪੋਸਟ ’ਚ ਕਿਹਾ ਕਿ ਗੋਲਬਾਰੀ ਰੁਕਣ ਮਗਰੋਂ ਤਲਾਸ਼ੀ ਦੌਰਾਨ ਮੁਕਾਬਲੇ ਵਾਲੀ ਥਾਂ ਤੋਂ ਭਾਰੀ ਮਾਤਰਾ ’ਚ ਹਥਿਆਰ ਤੇ ਗੋਲੀਸਿੱਕਾ ਬਰਾਮਦ ਹੋਇਆ ਹੈ। ਬਰਾਮਦ ਹਥਿਆਰਾਂ ’ਚ ਇਨਸਾਸ ਤੇ ਏਕੇ ਸੀਰੀਜ਼ ਦੀਆਂ ਰਾਈਫਲਾਂ, ਪੰਪ ਐਕਸ਼ਨ ਗੰਨ, ਆਰਪੀਜੀ ਤੇ ਮੈਗਜ਼ੀਨ ਸ਼ਾਮਲ ਹਨ। ਅਧਿਕਾਰੀਆਂ ਨੇ ਕਿਹਾ ਕਿ ਤਲਾਸ਼ੀ ਮੁਹਿੰਮ ਹਾਲੇ ਵੀ ਜਾਰੀ ਹੈ। -ਪੀਟੀਆਈ
ਕੁੱਕੀ-ਜ਼ੋ ਕੌਂਸਲ ਵੱਲੋਂ ਅੱਜ ਪਹਾੜੀ ਇਲਾਕਿਆਂ ’ਚ ਬੰਦ ਦਾ ਸੱਦਾ
ਇੰਫਾਲ:
ਮਨੀਪੁਰ ਦੇ ਜਿਰੀਬਾਮ ਜ਼ਿਲ੍ਹੇ ’ਚ ਅੱਜ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 11 ਮਸ਼ਕੂਕ ਅਤਿਵਾਦੀ ਮਾਰੇ ਜਾਣ ਮਗਰੋਂ ਕੁੱਕੀ-ਜ਼ੋ ਕੌਂਸਲ ਨੇ ਸੂਬੇ ਦੇ ਪਹਾੜੀ ਇਲਾਕਿਆਂ ’ਚ ਭਲਕੇ ਮੰਗਲਵਾਰ ਨੂੰ ਸਵੇਰੇ 5 ਵਜੇ ਤੋਂ ਸ਼ਾਮ 6 ਵਜੇ ਤੱਕ ਮੁਕੰਮਲ ਬੰਦ ਰੱਖਣ ਦਾ ਸੱਦਾ ਦਿੱਤਾ ਹੈ। ਕੁੱਕੀ-ਜ਼ੋ ਕੌਂਸਲ ਨੇ ਕਿਹਾ, ‘‘ਜਿਰੀਬਾਮ ’ਚ ਸੀਆਰਪੀਐੱਫ ਹੱਥੋਂ ਸਾਡੇ 11 ਕੁਕੀ-ਜ਼ੋ ਗ੍ਰਾਮ ਵਾਲੰਟੀਅਰ ਮਾਰੇ ਜਾਣ ’ਤੇ ਅਸੀਂ ਪੀੜਤਾਂ ਨਾਲ ਇਕਜੁੱਟਤਾ ਪ੍ਰਗਟਾਉਣ ਲਈ ਮੰਗਲਵਾਰ ਨੂੰ ਪੂਰਨ ਬੰਦ ਦਾ ਐਲਾਨ ਕੀਤਾ ਹੈ। -ਪੀਟੀਆਈ