* ਭੀੜ ਵੱਲੋਂ ਕਾਂਗਰਸ ਤੇ ਭਾਜਪਾ ਦਫ਼ਤਰਾਂ ਅਤੇ ਆਜ਼ਾਦ ਵਿਧਾਇਕ ਦੇ ਘਰ ’ਤੇ ਹਮਲਾ
* ਐੱਨਆਈਏ ਨੇ ਤਿੰਨ ਕੇਸਾਂ ਦੀ ਜਾਂਚ ਆਪਣੇ ਹੱਥਾਂ ’ਚ ਲਈ
ਨਵੀਂ ਦਿੱਲੀ/ਇੰਫਾਲ, 18 ਨਵੰਬਰ
ਮਨੀਪੁਰ ’ਚ ਹਿੰਸਾ ਦੀਆਂ ਹਾਲੀਆ ਘਟਨਾਵਾਂ ਮਗਰੋਂ ਕੇਂਦਰ ਨੇ ਸੂਬੇ ’ਚ ਹਥਿਆਰਬੰਦ ਬਲਾਂ ਦੀਆਂ 50 ਹੋਰ ਕੰਪਨੀਆਂ (ਕਰੀਬ ਪੰਜ ਹਜ਼ਾਰ ਜਵਾਨ) ਭੇਜਣ ਦਾ ਫ਼ੈਸਲਾ ਲਿਆ ਹੈ। ਉਧਰ ਸਰਕਾਰ ਨੇ ਸੂਬੇ ਦੇ ਸਾਰੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ 19 ਨਵੰਬਰ ਤੱਕ ਲਈ ਬੰਦ ਕਰ ਦਿੱਤੇ ਹਨ। ਉਚੇਰੀ ਅਤੇ ਤਕਨੀਕੀ ਸਿੱਖਿਆ ਵਿਭਾਗ ਨੇ ਕਿਹਾ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਨੂੰ ਦੇਖਦਿਆਂ ਸਰਕਾਰੀ ਵਿਦਿਅਕ ਅਦਾਰੇ 19 ਨਵੰਬਰ ਤੱਕ ਬੰਦ ਰੱਖੇ ਜਾਣ। ਸਰਕਾਰ ਨੇ ਇੰਟਰਨੈੱਟ ਸੇਵਾਵਾਂ ਦੀ ਮੁਅੱਤਲੀ ਵੀ ਦੋ ਹੋਰ ਦਿਨ ਲਈ ਵਧਾ ਦਿੱਤੀ ਹੈ। ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਮਨੀਪੁਰ ’ਚ ਹਾਲੀਆ ਹਿੰਸਾ ਦੀਆਂ ਘਟਨਾਵਾਂ ਦੇ ਸਬੰਧ ’ਚ ਤਿੰਨ ਕੇਸ ਦਰਜ ਕਰਕੇ ਜਾਂਚ ਆਪਣੇ ਹੱਥਾਂ ’ਚ ਲੈ ਲਈ ਹੈ। ਇਸ ਦੌਰਾਨ ਇੰਫਾਲ ਘਾਟੀ ’ਚ ਕਰਫ਼ਿਊ ਵਾਲੇ ਇਲਾਕਿਆਂ ’ਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਕਈ ਥਾਵਾਂ ’ਤੇ ਬਾਜ਼ਾਰ ਅਤੇ ਕਾਰੋਬਾਰੀ ਅਦਾਰੇ ਬੰਦ ਰਹੇ ਜਦਕਿ ਸਰਕਾਰੀ ਬੱਸਾਂ ਨਹੀਂ ਚੱਲੀਆਂ। ਕੇਂਦਰੀ ਗ੍ਰਹਿ ਮੰਤਰਾਲੇ ਨੇ ਪਿਛਲੇ ਹਫ਼ਤੇ ਹਥਿਆਰਬੰਦ ਬਲਾਂ ਦੀਆਂ 20 ਵਾਧੂ ਕੰਪਨੀਆਂ ਮਨੀਪੁਰ ਲਈ ਰਵਾਨਾ ਕੀਤੀਆਂ ਸਨ।
ਸੂਤਰਾਂ ਨੇ ਕਿਹਾ ਕਿ ਸੀਆਰਪੀਐੱਫ ਦੀਆਂ 35 ਅਤੇ ਬੀਐੱਸਐੱਫ ਦੀਆਂ 15 ਕੰਪਨੀਆਂ ਇਸ ਹਫ਼ਤੇ ਮਨੀਪੁਰ ਲਈ ਰਵਾਨਾ ਹੋ ਜਾਣਗੀਆਂ। ਸੀਆਰਪੀਐੱਫ ਦੇ ਡਾਇਰੈਕਟਰ ਜਨਰਲ ਏਡੀ ਸਿੰਘ ਅਤੇ ਹੋਰ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ (ਸੀਏਪੀਐੱਫ) ਦੇ ਸੀਨੀਅਰ ਅਧਿਕਾਰੀ ਉੱਤਰ-ਪੂਰਬੀ ਸੂਬੇ ’ਚ ਪਹਿਲਾਂ ਤੋਂ ਹੀ ਮੌਜੂਦ ਹਨ ਅਤੇ ਉਹ ਅਮਨ-ਸ਼ਾਂਤੀ ਕਾਇਮ ਕਰਨ ਲਈ ਪੂਰੀ ਵਾਹ ਲਗਾ ਰਹੇ ਹਨ।ਇਸ ਦੌਰਾਨ ਸੁਰੱਖਿਆ ਬਲਾਂ ਨੇ ਇੰਫਾਲ ਦੇ ਕਈ ਹਿੱਸਿਆਂ ’ਚ ਗਸ਼ਤ ਤੇਜ਼ ਕਰ ਦਿੱਤੀ ਹੈ ਅਤੇ ਵਿਧਾਇਕਾਂ ਦੀਆਂ ਰਿਹਾਇਸ਼ਾਂ, ਸਕੱਤਰੇਤ, ਭਾਜਪਾ ਦਫ਼ਤਰ ਤੇ ਰਾਜ ਭਵਨ ਵੱਲ ਜਾਂਦੀਆਂ ਸੜਕਾਂ ’ਤੇ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਜਿਰੀਬਾਮ ਜ਼ਿਲ੍ਹੇ ’ਚ ਸੰਪਤੀਆਂ ਦੀ ਭੰਨ-ਤੋੜ ਕਰ ਰਹੀ ਭੀੜ ਅਤੇ ਸੁਰੱਖਿਆ ਬਲਾਂ ਵਿਚਕਾਰ ਝੜਪ ਦੌਰਾਨ ਇਕ ਪ੍ਰਦਰਸ਼ਨਕਾਰੀ ਮਾਰਿਆ ਗਿਆ। ਭੀੜ ਨੇ ਕਾਂਗਰਸ ਅਤੇ ਭਾਜਪਾ ਦੇ ਦਫ਼ਤਰਾਂ ਅਤੇ ਜਿਰੀਬਾਮ ਦੇ ਆਜ਼ਾਦ ਵਿਧਾਇਕ ਦੇ ਘਰ ’ਤੇ ਹਮਲਾ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਭੀੜ ਨੇ ਸਾਰਾ ਫਰਨੀਚਰ, ਕਾਗਜ਼ ਅਤੇ ਹੋਰ ਵਸਤਾਂ ਬਾਹਰ ਕੱਢ ਕੇ ਉਨ੍ਹਾਂ ਨੂੰ ਅੱਗ ਹਵਾਲੇ ਕਰ ਦਿੱਤੇ। ਇਸ ਤੋਂ ਪਹਿਲਾਂ ਐਤਵਾਰ ਨੂੰ ਇਕ ਹੋਰ ਵਿਅਕਤੀ ਦੀ ਜਿਰੀਬਾਮ ਕਸਬੇ ਨੇੜੇ ਲਾਸ਼ ਮਿਲੀ ਹੈ। ਮੁੱਖ ਮੰਤਰੀ ਦੇ ਸਕੱਤਰ ਨਿੰਗਥੋਓਜਾਮ ਜੈਫਰੀ ਨੇ ਮਨੀਪੁਰ ਇੰਟੇਗ੍ਰਿਟੀ ਬਾਰੇ ਤਾਲਮੇਲ ਕਮੇਟੀ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਉਹ ਇੰਫਾਲ ਘਾਟੀ ’ਚ ਕਿਸੇ ਤਰ੍ਹਾਂ ਦੇ ਹਿੰਸਕ ਪ੍ਰਦਰਸ਼ਨ ਤੋਂ ਗੁਰੇਜ਼ ਕਰਨ। -ਪੀਟੀਆਈ
ਕਾਂਗਰਸ ਨੇ ਸ਼ਾਹ ਅਤੇ ਬੀਰੇਨ ਤੋਂ ਅਸਤੀਫ਼ੇ ਮੰਗੇ
ਨਵੀਂ ਦਿੱਲੀ:
ਮਨੀਪੁਰ ’ਚ ਲਗਾਤਾਰ ਵੱਧ ਰਹੀ ਹਿੰਸਾ ਦੇ ਮੱਦੇਨਜ਼ਰ ਕਾਂਗਰਸ ਨੇ ਅੱਜ ਕਿਹਾ ਕਿ ਸੰਸਦ ਦਾ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਥੋਂ ਦਾ ਦੌਰਾ ਕਰਨ। ਪਾਰਟੀ ਨੇ ‘ਡਬਲ ਇੰਜਣ ਸਰਕਾਰ ਦੀ ਮੁਕੰਮਲ ਨਾਕਾਮੀ’ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮਨੀਪੁਰ ਦੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਦੇ ਅਸਤੀਫ਼ੇ ਦੀ ਵੀ ਮੰਗ ਕੀਤੀ ਹੈ। ਪਾਰਟੀ ਦੇ ਜਨਰਲ ਸਕੱਤਰ (ਸੰਚਾਰ) ਜੈਰਾਮ ਰਮੇਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਸਭ ਤੋਂ ਪਹਿਲਾਂ ਮਨੀਪੁਰ ਦੇ ਸਰਬ ਪਾਰਟੀ ਵਫ਼ਦ ਨਾਲ ਮੁਲਾਕਾਤ ਕਰਨੀ ਚਾਹੀਦੀ ਹੈ। -ਪੀਟੀਆਈ
ਸ਼ਾਹ ਨੇ ਮੁੜ ਲਿਆ ਮਨੀਪੁਰ ਦੇ ਹਾਲਾਤ ਦਾ ਜਾਇਜ਼ਾ
ਨਵੀਂ ਦਿੱਲੀ:
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਲਗਾਤਾਰ ਦੂਜੇ ਦਿਨ ਮਨੀਪੁਰ ਦੇ ਸੁਰੱਖਿਆ ਹਾਲਾਤ ਅਤੇ ਜਵਾਨਾਂ ਦੀ ਤਾਇਨਾਤੀ ਬਾਰੇ ਨਜ਼ਰਸਾਨੀ ਕੀਤੀ। ਉਨ੍ਹਾਂ ਮਨੀਪੁਰ ’ਚ ਫੌਰੀ ਸ਼ਾਂਤੀ ਬਹਾਲੀ ਲਈ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ। ਜ਼ਿਕਰਯੋਗ ਹੈ ਕਿ ਮਨੀਪੁਰ ’ਚ ਕਈ ਮੰਤਰੀਆਂ ਅਤੇ ਆਗੂਆਂ ਦੇ ਘਰਾਂ ’ਤੇ ਹਮਲਿਆਂ ਮਗਰੋਂ ਹਾਲਾਤ ਜ਼ਿਆਦਾ ਵਿਗੜ ਗਏ ਜਿਸ ਕਾਰਨ ਸ਼ਾਹ ਮਹਾਰਾਸ਼ਟਰ ’ਚ ਚੋੋਣ ਪ੍ਰਚਾਰ ਵਿਚਾਲੇ ਛੱਡ ਕੇ ਦਿੱਲੀ ਆ ਗਏ ਸਨ। ਉਨ੍ਹਾਂ ਐਤਵਾਰ ਨੂੰ ਵੀ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਮਨੀਪੁਰ ’ਚ ਸ਼ਾਂਤੀ ਬਹਾਲੀ ਲਈ ਕਦਮ ਚੁੱਕਣ ਦੀ ਹਦਾਇਤ ਕੀਤੀ ਸੀ। -ਪੀਟੀਆਈ