ਇੰਫਾਲ:
ਮਨੀਪੁਰ ਦੇ ਬਿਸ਼ਨੂਪੁਰ ਜ਼ਿਲ੍ਹੇ ਦੇ ਮੋਇਰਾਂਗ ਦੇ ਰਿਹਾਇਸ਼ੀ ਖੇਤਰ ਵਿੱਚ ਮਸ਼ਕੂਕ ਅਤਿਵਾਦੀਆਂ ਦੇ ਬੰਬ ਹਮਲੇ ’ਚ ਬਜ਼ੁਰਗ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਦੇ ਸਾਬਕਾ ਮੁੱਖ ਮੰਤਰੀ ਮਾਇਰੇਮਬਮ ਕੋਇਰੇਂਗ ਦੇ ਘਰ ਦੇ ਵਿਹੜੇ ’ਚ ਰਾਕੇਟ ਡਿੱਗਿਆ। ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਦਾਗਿਆ ਗਿਆ, ਇਹ ਦੂਜਾ ਰਾਕੇਟ ਸੀ। ਅਧਿਕਾਰੀ ਨੇ ਦੱਸਿਆ, ‘ਜਦੋਂ ਬੰਬ ਧਮਾਕਾ ਹੋਇਆ ਤਾਂ ਉਦੋਂ ਬਜ਼ੁਰਗ ਵਿਅਕਤੀ ਵਿਹੜੇ ਵਿੱਚ ਕੁੱਝ ਧਾਰਮਿਕ ਰਸਮਾਂ ਦੀ ਤਿਆਰੀ ਕਰ ਰਿਹਾ ਸੀ। ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।’ ਧਮਾਕੇ ਦੌਰਾਨ 13 ਸਾਲਾ ਲੜਕੀ ਸਣੇ ਪੰਜ ਹੋਰ ਜ਼ਖ਼ਮੀ ਹੋ ਗਏ। ਰਾਕੇਟ ਆਈਐੱਨਏ ਹੈੱਡਕੁਆਰਟਰ ਤੋਂ ਕਰੀਬ ਦੋ ਕਿਲੋਮੀਟਰ ਦੂਰੀ ’ਤੇ ਡਿੱਗਿਆ। ਇਸ ਤੋਂ ਪਹਿਲਾਂ ਦਿਨ ਵੇਲੇ ਸੂਬੇ ਦੀ ਰਾਜਧਾਨੀ ਇੰਫਾਲ ਤੋਂ ਲਗਪਗ 45 ਕਿਲੋਮੀਟਰ ਦੂਰ ਸਥਿਤ ਟ੍ਰੋਂਗਲੋਬੀ ਦੇ ਨੀਵੇਂ ਰਿਹਾਇਸ਼ੀ ਇਲਾਕੇ ਵੱਲ ਨੇੜਲੇ ਪਹਾੜੀ ਖੇਤਰ ਦੀ ਚੋਟੀ ਤੋਂ ਇੱਕ ਰਾਕੇਟ ਦਾਗ਼ਿਆ ਗਿਆ ਸੀ। ਇਸੇ ਦੌਰਾਨ ਮਨੀਪੁਰ ਸਰਕਾਰ ਨੇ ਬੰਬ ਧਮਾਕਿਆਂ ਕਾਰਨ ਅਧਿਆਪਕਾਂ ਅਤੇ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਸੱਤ ਸਤੰਬਰ ਨੂੰ ਸੂਬੇ ਵਿੱਚ ਸਕੂਲ ਬੰਦ ਰੱਖਣ ਦਾ ਐਲਾਨ ਕੀਤਾ ਹੈ। -ਪੀਟੀਆਈ