ਇੰਫ਼ਾਲ, 2 ਜੁਲਾਈ
ਮਨੀਪੁਰ ਦੇ ਬਿਸ਼ਨੂਪੁਰ ਜ਼ਿਲ੍ਹੇ ਦੇ ਖ਼ਜੂਮਾ ਤਾਬੀ ਪਿੰਡ ਵਿੱਚ ਅੱਜ ਤੜਕੇ ਦਹਿਸ਼ਤਗਰਦਾਂ ਵੱਲੋਂ ਕੀਤੇ ਗਏ ਹਮਲੇ ਦੌਰਾਨ ਗੋਲੀਆਂ ਲੱਗਣ ਕਾਰਨ ਗ੍ਰਾਮੀਣ ਰੱਖਿਆ ਬਲ (ਵੀਡੀਐੱਫ) ਦੇ ਤਿੰਨ ਜਵਾਨਾਂ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਜ਼ਖ਼ਮੀ ਹੋ ਗਏ। ਇਸੇ ਦੌਰਾਨ ਮਨੀਪੁਰ ਦੇ ਮੁੱਖ ਮੰਤਰੀ ਐੱਨ. ਬਿਰੇਨ ਸਿੰਘ ਨੇ ਹਿੰਸਾ ਪ੍ਰਭਾਵਿਤ ਚੂੁਰਾਚਾਂਦਪੁਰ ਜ਼ਿਲ੍ਹੇ ਸਮੇਤ ਬਿਸ਼ਨੂਪੁਰ ਜ਼ਿਲ੍ਹੇ ਦੇ ਪਿੰਡ ਖਜੂਮਾ ਤਾਬੀ ਦਾ ਦੌਰਾ ਕੀਤਾ।
ਇੰਫ਼ਾਲ ਨਾਲ ਸਬੰਧਿਤ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਅੱਜ ਸਵੇਰੇ ਵੀਡੀਐੱਫ ਵਾਲੰਟੀਅਰਾਂ ਅਤੇ ਦਹਿਸ਼ਤਗਰਦਾਂ ਵਿਚਾਲੇ ਹੋਏ ਮੁਕਾਬਲੇ ਦੌਰਾਨ ਸੱਤ ਜਣੇ ਮਾਰੇ ਗਏ। ਹਾਲਾਂਕਿ ਇੰਫ਼ਾਲ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਨਾ ਤਾਂ ਇਨ੍ਹਾਂ ਮੀਡੀਆ ਰਿਪੋਰਟਾਂ ਨੂੰ ਨਕਾਰਿਆ ਹੈ ਅਤੇ ਨਾ ਹੀ ਪੁਸ਼ਟੀ ਕੀਤੀ ਹੈ। ਇੰਫ਼ਾਲ ਨਾਲ ਸਬੰਧਿਤ ਅਧਿਕਾਰੀਆਂ ਨੇ ਦੱਸਿਆ ਕਿ ਮਨੀਪੁਰ ਵਿੱਚ ਮੈਤੇਈ ਤੇ ਕੁਕੀ ਭਾਈਚਾਰੇ ਵਿਚਾਲੇ ਜਾਰੀ ਹਿੰਸਕ ਘਟਨਾਵਾਂ ਦੇ ਮੱਦੇਨਜ਼ਰ ਪਿੰਡ ਦੀ ਸੁਰੱਖਿਆ ਲਈ ਤਾਇਨਾਤ ਵੀਡੀਐੱਫ ਵਾਲੰਟੀਅਰਾਂ ’ਤੇ ਦਹਿਸ਼ਤਗਰਦਾਂ ਨੇ ਅੱਜ ਤੜਕੇ ਉਦੋਂ ਹਮਲਾ ਕੀਤਾ, ਜਦੋਂ ਰਾਤ ਭਰ ਪਿੰਡ ਦੀ ਰਾਖ਼ੀ ਕਰਨ ਮਗਰੋਂ ਉਹ ਸੁੱਤੇ ਹੋਏ ਸਨ। ਦਹਿਸ਼ਤਗਰਦ ਹਮਲੇ ਮਗਰੋਂ ਮੌਕੇ ਤੋਂ ਦੋ ਹਥਿਆਰ ਵੀ ਨਾਲ ਗਏ। ਹਮਲੇ ਦੌਰਾਨ ਜ਼ਖ਼ਮੀ ਹੋਏ ਪਿੰਡ ਵਾਸੀਆਂ ਨੂੰ ਨੇੜਲੇ ਹਸਪਤਾਲ ਭਰਤੀ ਕਰਵਾਇਆ ਗਿਆ। ਸੁਰੱਖਿਆ ਕਰਮੀਆਂ ਨੇ ਦਹਿਸ਼ਤਗਰਦਾਂ ਦੀ ਭਾਲ ਲਈ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂੁ ਕਰ ਦਿੱਤੀ ਹੈ। ਪਿੰਡ ਵਾਸੀ ਇਨਸਾਫ਼ ਦੀ ਮੰਗ ਲਈ ਮ੍ਰਿਤਕਾਂ ਦੀਆਂ ਲਾਸ਼ਾਂ ਰਾਜਧਾਨੀ ਇੰਫ਼ਾਲ ਲਿਆਉਣ ਦੀ ਯੋਜਨਾ ਬਣਾ ਰਹੇ ਸਨ। -ਆਈਏਐੱਨਐੱਸ
ਮਨੀਪੁਰ ਮਾਮਲੇ ’ਚ ਅਸਾਮ ਦੇ ਮੁੱਖ ਮੰਤਰੀ ਦਖ਼ਲ ਨਾ ਦੇਣ: ਚਿਦੰਬਰਮ
ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ’ਤੇ ਵਰ੍ਹਦਿਆਂ ਕਿਹਾ ਹੈ ਕਿ ਜੇਕਰ ਭਾਜਪਾ ਆਗੂ ਮਨੀਪੁਰ ਦੇ ਮਾਮਲੇ ’ਚ ਦਖ਼ਲ ਨਾ ਦੇਵੇ ਤਾਂ ਉਥੋਂ ਦੇ ਹਾਲਾਤ ਸੁਧਰਨ ’ਚ ਸਹਾਇਤਾ ਮਿਲੇਗੀ। ਸਾਬਕਾ ਗ੍ਰਹਿ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ ਸਰਮਾ ਮਨੀਪੁਰ ਦੇ ਮਾਮਲੇ ਤੋਂ ਦੂਰ ਰਹਿਣ। ਉਨ੍ਹਾਂ ਕਿਹਾ ਕਿ ਬਿਹਤਰ ਹੋਵੇਗਾ ਕਿ ਮਨੀਪੁਰ ਦੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਅਹੁਦੇ ਤੋਂ ਅਸਤੀਫ਼ਾ ਦੇ ਦੇਣ ਤੇ ਸੂਬੇ ’ਚ ਕੁਝ ਮਹੀਨਿਆਂ ਲਈ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਜਾਵੇ। ਸਰਮਾ ਨੇ ਕਿਹਾ ਸੀ ਕਿ ਗੁਆਂਢੀ ਸੂਬੇ ਮਨੀਪੁਰ ਦੇ ਹਾਲਾਤ 7 ਤੋਂ 10 ਦਿਨਾਂ ’ਚ ਸੁਧਰ ਜਾਣਗੇ ਕਿਉਂਕਿ ਸੂਬਾ ਅਤੇ ਕੇਂਦਰ ਸਰਕਾਰ ਉਥੇ ਸ਼ਾਂਤੀ ਬਹਾਲੀ ਦੀਆਂ ‘ਖਾਮੋਸ਼ੀ’ ਨਾਲ ਕੋਸ਼ਿਸ਼ਾਂ ਕਰ ਰਹੇ ਹਨ। -ਪੀਟੀਆਈ
ਕੁਕੀ ਸੰਗਠਨਾਂ ਨੇ ਦੋ ਮਹੀਨਿਆਂ ਮਗਰੋਂ ਕੌਮੀ ਮਾਰਗ ਖੋਲ੍ਹਿਆ
ਗੁਹਾਟੀ: ਕੁਕੀ ਸੰਗਠਨ- ਯੂਨਾਈਟਿਡ ਪੀਪਲਜ਼ ਫਰੰਟ ਤੇ ਕੁਕੀ ਨੈਸ਼ਨਲ ਸੰਗਠਨ ਨੇ ਮਨੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ ਵਿਚ ਕੌਮੀ ਮਾਰਗ 2 ’ਤੇ ਲਾਈਆਂ ਰੋਕਾਂ ਚੁੱਕ ਲਈਆਂ ਹਨ। ਇਕ ਸਾਂਝੇ ਬਿਆਨ ਵਿਚ ਦੋਵਾਂ ਸੰਗਠਨਾਂ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਪੀਲ ’ਤੇ ਰੋਕਾਂ ਹਟਾ ਲਈਆਂ ਗਈਆਂ ਹਨ। ਹਾਲਾਂਕਿ ਕੁਕੀ ਸਿਵਲ ਸੁਸਾਇਟੀ ਗਰੁੱਪ ਕਮੇਟੀ, ਜਿਸ ਨੇ ਦੋ ਮਹੀਨੇ ਪਹਿਲਾਂ ਐਨਐੱਚ-2 ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ, ਨੇ ਹਾਲੇ ਤੱਕ ਸੰਘਰਸ਼ ਵਾਪਸ ਨਹੀਂ ਲਿਆ ਹੈ। ਦੱਸਣਯੋਗ ਹੈ ਕਿ ਮਨੀਪੁਰ ਦੇ ਦੋ ਕੌਮੀ ਮਾਰਗ ਹਨ ਜਿਨ੍ਹਾਂ ਵਿਚ ਇਕ ਐਨਐੱਚ-2 (ਇੰਫਾਲ-ਦੀਮਾਪੁਰ) ਤੇ ਐੱਨਐਚ-37 (ਇੰਫਾਲ-ਜੀਰੀਬਾਮ) ਹਨ। ਕੌਮੀ ਮਾਰਗ-2 ਕੁਕੀ ਸੰਗਠਨਾਂ ਵੱਲੋਂ ਤਿੰਨ ਮਈ ਨੂੰ ਸ਼ੁਰੂ ਹੋਈ ਹਿੰਸਾ ਤੋਂ ਬਾਅਦ ਹੀ ਬੰਦ ਕਰ ਦਿੱਤਾ ਗਿਆ ਸੀ। -ਪੀਟੀਆਈ