ਚੁਰਾਚਾਂਦਪੁਰ, 22 ਅਕਤੂਬਰ
ਮਿਆਂਮਾਰ ਦੀ ਸਰਹੱਦ ਨਾਲ ਲਗਦੇ ਮਨੀਪੁਰ ਦੇ ਮੋਰੇਹ ਕਸਬੇ ’ਚ ਵਾਧੂ ਪੁਲੀਸ ਕਮਾਂਡੋ ਤਾਇਨਾਤ ਕੀਤੇ ਜਾਣ ਦੇ ਫ਼ੈਸਲੇ ਦਾ ਆਦਿਵਾਸੀ ਔਰਤਾਂ ਦੇ ਇਕ ਧੜੇ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਵਿਰੋਧ ਕੀਤਾ ਜਾ ਰਿਹਾ ਹੈ। ਕੁਕੀ ਬਹੁਗਿਣਤੀ ਵਾਲੇ ਕਸਬੇ ਟੇਂਗਨੋਪਾਲ ਜ਼ਿਲ੍ਹੇ ਦੇ ਮੋਰੇਹ ਦੇ ਪਿੰਡ ਚਿਕਿਮ ’ਚ ਔਰਤਾਂ ਧਰਨੇ ’ਤੇ ਬੈਠੀਆਂ ਹੋਈਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਅਸਾਮ ਰਾਈਫ਼ਲਜ਼ ਦੇ ਕਮਾਂਡੈਂਟ ਅਤੇ ਹੋਰ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ ਹੈ ਪਰ ਅਜੇ ਤੱਕ ਮਸਲੇ ਦਾ ਹੱਲ ਨਹੀਂ ਨਿਕਲਿਆ ਹੈ। ਕੁਕੀ ਇਨਪੀ ਅਤੇ ਕਮੇਟੀ ਆਨ ਟ੍ਰਾਈਬਲ ਯੂਨਿਟੀ (ਸੀਓਟੀਯੂ) ਸਮੇਤ ਕਈ ਆਦਿਵਾਸੀ ਜਥੇਬੰਦੀਆਂ ਨੇ ਦਾਅਵਾ ਕੀਤਾ ਹੈ ਕਿ ਇੰਫਾਲ ਘਾਟੀ ਤੋਂ ਪੁਲੀਸ ਹਟਾ ਕੇ ਉਨ੍ਹਾਂ ਦੇ ਕਸਬੇ ’ਚ ਤਾਇਨਾਤ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਜਿਸ ਨਾਲ ਅਮਨ-ਸ਼ਾਂਤੀ ਦਾ ਮਾਹੌਲ ਵਿਗੜ ਸਕਦਾ ਹੈ। ਸੀਓਟੀਯੂ ਨੇ ਕਿਹਾ ਕਿ ਬਫ਼ਰ ਜ਼ੋਨ ’ਚ ਨੀਮ ਫ਼ੌਜੀ ਬਲਾਂ ਅਤੇ ਫ਼ੌਜ ਦੇ ਜਵਾਨਾਂ ਦੀ ਮੌਜੂਦਗੀ ਦੇ ਬਾਵਜੂਦ ਮੈਤੇਈ ਪੁਲੀਸ ਦੀ ਵਾਧੂ ਤਾਇਨਾਤੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇੰਫਾਲ ਪੂਰਬੀ ਜ਼ਿਲ੍ਹੇ ’ਚ ਬਰਾਮਦ ਕੀਤੇ ਗਏ ਹਥਿਆਰ ਅਤੇ ਗੋਲੀ-ਸਿੱਕਾ ਭਾਈਚਾਰੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ। ਕੁਕੀ ਇਨਪੀ ਨੇ ਕਾਕਚਿੰਗ ਲਾਮਖਾਈ ਅਤੇ ਵੈਂਗਜਿੰਗ ਇਲਾਕਿਆਂ ’ਚ ਮੈਤੇਈ ਵੱਲੋਂ ਲਾਏ ਗਏ ਨਾਕੇ ਹਟਾਉਣ ਦੀ ਮੰਗ ਕੀਤੀ ਹੈ ਜਿਥੇ ਮੋਰੇਹ ਅਤੇ ਟੇਂਗਨੋਪਾਲ ਸਬ-ਡਿਵੀਜ਼ਨ ’ਚ ਭੇਜੀਆਂ ਜਾਂਦੀਆਂ ਜ਼ਰੂਰੀ ਵਸਤਾਂ ਨੂੰ ਰੋਕ ਦਿੱਤਾ ਜਾਂਦਾ ਹੈ। -ਪੀਟੀਆਈ
ਪੁਲੀਸ ਦੇ ਹਥਿਆਰਾਂ ਦੀ ਲੁੱਟ ਦੇ ਮੁਲਜ਼ਮ ਦਾ ਸੀਬੀਆਈ ਰਿਮਾਂਡ
ਨਵੀਂ ਦਿੱਲੀ: ਦਿੱਲੀ ਦੀ ਇੱਕ ਅਦਾਲਤ ਨੇ ਪੁਲੀਸ ਦੇ ਇੱਕ ਅਦਾਰੇ ਵਿੱਚੋਂ ਭਾਰੀ ਮਾਤਰਾ ’ਚ ਹਥਿਆਰ ਤੇ ਗੋਲੀਸਿੱਕਾ ਲੁੱਟਣ ਵਾਲੀ ਭੀੜ ਨਾਲ ਸਬੰਧਤ ਮਨੀਪੁਰ ਹਿੰਸਾ ਮਾਮਲੇ ’ਚ ਇੱਕ ਵਿਅਕਤੀ ਜਿਸ ਨੂੰ ਐੱਨਆਈਏ ਨੇ ਗ੍ਰਿਫ਼ਤਾਰ ਕੀਤਾ ਸੀ, ਨੂੰ ਅਸਾਮ ਦੀ ਇੱਕ ਅਦਾਲਤ ’ਚ ਪੇਸ਼ ਕਰਨ ਲਈ ਰਿਮਾਂਡ ’ਤੇ ਸੀਬੀਆਈ ਦੀ ਹਿਰਾਸਤ ’ਚ ਭੇਜਿਆ ਹੈ। ਇਹ ਜਾਣਕਾਰੀ ਉਸ ਦੇ ਵਕੀਲ ਨੇ ਦਿੱਤੀ।
ਮੁਲਜ਼ਮ ਵੱਲੋਂ ਅਦਾਲਤ ’ਚ ਪੇਸ਼ ਹੋਏ ਵਕੀਲ ਨੇ ਕਿਹਾ ਕਿ ਵਿਸ਼ੇਸ ਜੱਜ ਸਚਨਿ ਗੁਪਤਾ ਨੇ ਮੁਲਜ਼ਮ ਮੋਇਰਾਂਗਥੇਮ ਆਨੰਦ ਸਿੰਘ (45) ਦਾ ਸੀਬੀਆਈ ਨੂੰ ਟਰਾਂਜ਼ਿਟ ਰਿਮਾਂਡ ਦਿੱਤਾ ਹੈ। ਉਸ ਨੂੰ ਕੌਮੀ ਜਾਂਚ ਏਜੰਸੀ (ਐੱਨਆਈਏ) ਮਨੀਪੁਰ ਹਿੰੰਸਾ ਸਬੰਧੀ ਇੱਕ ਵੱਖਰੇ ਕੇਸ ’ਚ ਗ੍ਰਿਫ਼ਤਾਰ ਕੀਤਾ ਸੀ ਅਤੇ ਉਹ ਤਿਹਾੜ ਕੇਂਦਰੀ ਜੇਲ੍ਹ ਵਿੱਚ ਬੰਦ ਸੀ। ਜੱਜ ਨੇ ਇਹ ਹੁਕਮ ਸੀਬੀਆਈ ਦੀ ਅਰਜ਼ੀ ’ਤੇ ਸੁਣਵਾਈ ਕਰਦਿਆਂ 20 ਅਕਤੂਬਰ ਨੂੰ ਪਾਸ ਕੀਤਾ। ਕੇਂਦਰੀ ਜਾਂਚ ਬਿਊਰੋ ਨੇ ਅਰਜ਼ੀ ’ਚ ਦਾਅਵਾ ਕੀਤਾ ਸੀ ਕਿ ਮੁਲਜ਼ਮ ਨੂੰ ਅਸਾਮ ਦੇ ਗੁਹਾਟੀ ’ਚ ਕਾਮਰੂਪ (ਮੈਟਰੋ) ਦੇ ਚੀਫ਼ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ’ਚ ਪੇਸ਼ ਕਰਨ ਲੋੜ ਹੈ। ਸੀਬੀਆਈ ਨੇ ਦੋਸ਼ ਲਾਇਆ ਹੈ ਕਿ 4 ਮਈ ਨੂੰ ਲਗਪਗ 5,000 ਵਿਅਕਤੀ ਅਸਲੇ ਤੇ ਹਥਿਆਰਾਂ ਸਣੇ ਮਨੀਪੁਰ ਪੁਲੀਸ ਟਰੇਨਿੰਗ ਕਾਲਜ (ਐੱਮਪੀਟੀਸੀ) ਕੈਂਪਸ ’ਚ ਜਬਰੀ ਦਾਖਲ ਹੋਏ ਅਤੇ ਸੰਤਰੀਆਂ ਨੂੰ ਡਰਾ ਕੇ ਅੰਦਰੋਂ ਵੱਡੀ ਮਾਤਰਾ ’ਚ ਹਥਿਆਰ ਤੇ ਗੋਲੀਸਿੱਕਾ ਲੁੱਟ ਲਿਆ। -ਪੀਟੀਆਈ