ਇੰਫਾਲ, 17 ਨਵੰਬਰ
Amit Shah reviews security situation in Manipur: ਮਨੀਪੁਰ ’ਚ ਹਿੰਸਾ ਮਗਰੋਂ ਹਾਲਾਤ ਖਰਾਬ ਹੋ ਗਏ ਹਨ। ਕੇਂਦਰ ਵਲੋਂ ਇੱਥੇ ਅਫਸਪਾ ਲਾਉਣ ਮਗਰੋਂ ਇੱਥੋਂ ਦੀ ਸੂਬਾ ਸਰਕਾਰ ਨੇ ਅਫਸਪਾ ਹਟਾਉਣ ਦੀ ਅਪੀਲ ਕੀਤੀ ਹੈ। ਕੇਂਦਰ ਸਰਕਾਰ ਨੇ ਇੱਥੇ 14 ਨਵੰਬਰ ਨੂੰ ਇੰਫਾਲ ਵੈਸਟ, ਇੰਫਾਲ ਈਸਟ, ਜੀਰੀਬਾਮ, ਕਾਂਗਪੋਕਪੀ ਅਤੇ ਬਿਸ਼ਨੂਪੁਰ ਜ਼ਿਲ੍ਹਿਆਂ ਦੇ ਸੇਕਮਾਈ, ਲਾਮਸਾਂਗ, ਲਾਮਲਾਈ, ਜੀਰੀਬਾਮ, ਲੀਮਾਖੋਂਗ ਅਤੇ ਮੋਇਰਾਂਗ ਪੁਲੀਸ ਥਾਣਾ ਖੇਤਰਾਂ ਵਿੱਚ ਅਫਸਪਾ ਲਾਇਆ ਸੀ।
ਇੱਥੇ ਦਹਿਸ਼ਤਗਰਦਾਂ ਵੱਲੋਂ ਤਿੰਨ ਔਰਤਾਂ ਤੇ ਤਿੰਨ ਬੱਚਿਆਂ ਦੀ ਹੱਤਿਆ ਕਰਨ ਤੋਂ ਬਾਅਦ ਹਾਲਾਤ ਖਰਾਬ ਹੋ ਗਏ ਸਨ। ਹੁਣ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਗਪੁਰ ਦੀਆਂ ਰੈਲੀਆਂ ਰੱਦ ਕਰ ਕੇ ਦਿੱਲੀ ਪਰਤ ਆਏ ਹਨ ਤੇ ਉਨ੍ਹਾਂ ਨੇ ਸੀਆਰਪੀਐਫ ਮੁਖੀ ਅਨੀਸ਼ ਦਿਆਲ ਨੂੰ ਹਾਲਾਤ ਦਾ ਜਾਇਜ਼ਾ ਲੈਣ ਲਈ ਕਿਹਾ ਹੈ। ਉਨ੍ਹਾਂ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਹਿੰਸਾ ’ਤੇ ਕਾਬੂ ਪਾਉਣ ਤੇ ਅਮਨ ਕਾਨੂੰਨ ਬਰਕਰਾਰ ਰੱਖਣ ਲਈ ਕਿਹਾ ਹੈ।
ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਮੁੱਖ ਮੰਤਰੀ ਤੇ ਵਿਧਾਇਕਾਂ ਦੇ ਘਰਾਂ ’ਤੇ ਹਮਲੇ ਹੋਏ ਸਨ ਜਿਸ ਤੋਂ ਬਾਅਦ ਪੰਜ ਜ਼ਿਲ੍ਹਿਆਂ ਵਿਚ ਕਰਫਿਊ ਲਾ ਦਿੱਤਾ ਗਿਆ ਹੈ ਤੇ ਸੱਤ ਜ਼ਿਲ੍ਹਿਆਂ ਵਿਚ ਇੰਟਰਨੈਟ ਸੇਵਾਵਾਂ ਬੰਦ ਹਨ। ਸੂਤਰਾਂ ਨੇ ਦੱਸਿਆ ਕਿ ਗ੍ਰਹਿ ਮੰਤਰੀ ਨੇ ਉੱਚ ਸੁਰੱਖਿਆ ਅਧਿਕਾਰੀਆਂ ਨਾਲ ਮਨੀਪੁਰ ਦੀ ਸਥਿਤੀ ਦੀ ਸਮੀਖਿਆ ਕੀਤੀ ਅਤੇ ਉਨ੍ਹਾਂ ਨੂੰ ਸ਼ਾਂਤੀ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਨੇ ਕਿਹਾ ਕਿ ਅਮਿਤ ਸ਼ਾਹ ਵਲੋਂ 18 ਨਵੰਬਰ ਨੂੰ ਉੱਚ ਅਧਿਕਾਰੀਆਂ ਨਾਲ ਇਕ ਹੋਰ ਮੀਟਿੰਗ ਕੀਤੀ ਜਾਵੇਗੀ।