ਇੰਫਾਲ, 6 ਨਵੰਬਰ
ਮਨੀਪੁਰ ਦੇ ਪੱਛਮੀ ਇੰਫਾਲ ਜ਼ਿਲ੍ਹੇ ’ਚ ਦੋ ਲੜਕਿਆਂ ਦੇ ਲਾਪਤਾ ਹੋਣ ਮਗਰੋਂ ਸੂਬੇ ਦੀ ਰਾਜਧਾਨੀ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਅੱਜ ਤਣਾਅ ਪੈਦਾ ਹੋ ਗਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਦੋਵਾਂ ਲੜਕੇ, ਜਿਨ੍ਹਾਂ ਦੀ ਪਛਾਣ ਮੇਈਬਾਮ ਅਵਿਨਾਸ਼ (16) ਅਤੇ ਐੱਨ. ਐਂਥਨੀ (19) ਵਜੋਂ ਹੋਈ ਹੈ, ਲਾਪਤਾ ਹੋਣ ਤੋਂ ਪਹਿਲਾਂ ਐਤਵਾਰ ਸਵੇਰੇ ਇੱਕ ਸਮਾਗਮ ਸ਼ਾਮਲ ਹੋਣ ਲਈ ਮੋਟਰਸਾਈਕਲ ’ਤੇ ਪੱਛਮੀ ਇੰਫਾਲ ਜ਼ਿਲ੍ਹੇ ਸੇਕਮਾਈ ਇਲਾਕੇ ਵੱਲ ਗਏ ਸਨ। ਉਹ ਦੋਵੇਂ ਲਮਸ਼ਾਂਗ ਦੇ ਰਹਿਣ ਵਾਲੇ ਸਨ। ਲੋਕਾਂ ਨੇ ਖਦਸ਼ਾ ਜਤਾਇਆ ਕਿ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ ਹੈ। ਲਮਸ਼ਾਂਗ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੂੰ ਸੇਨਾਪਤੀ ਜ਼ਿਲ੍ਹੇ ’ਚ ਇੱਕ ਪੈਟਰੋਲ ਪੰਪ ਨੇੜਿਓਂ ਦੋਵਾਂ ਲੜਕਿਆਂ ਦੇ ਮੋਬਾਈਲ ਇੱਕ ਲਿਫਾਫੇ ਵਿੱਚੋਂ ਮਿਲੇ ਹਨ। ਇਹ ਪੰਪ ਕਾਂਗਪੋਕਪੀ ਜ਼ਿਲ੍ਹਾ ਪਾਰ ਤੋਂ ਬਾਅਦ ਆਉਂਦਾ ਹੈ। ਦੋਵਾਂ ਲੜਕਿਆਂ ਨੂੰ ਬਚਾਉਣ ਦੀ ਮੰਗ ਕਰਦਿਆਂ ਇੰਫਾਲ ਕਸਬੇ ਦੇ ਤਿੰਨ ਮੁੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਅੱਜ ਰੈਲੀ ਕੱਢੀ ਅਤੇ ਰਾਜਧਾਨੀ ਕੇਂਦਰ ’ਚ ਕੇਈਸੰਪਤ ਜੰਕਸ਼ਨ ’ਤੇ ਰੋਸ ਪ੍ਰਦਰਸ਼ਨ ਕੀਤਾ। -ਪੀਟੀਆਈ