ਇੰਫਾਲ, 14 ਅਗਸਤ
ਪੁਲੀਸ ਨੇ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਪਾਬੰਦੀਸ਼ੁਦਾ ਦਹਿਸ਼ਤਗਰਦ ਜਥੇਬੰਦੀ ਪੀਪਲਜ਼ ਲਬਿਰੇਸ਼ਨ ਆਰਮੀ (ਪੀਐਲਏ) ਦੇ ਸੱਤ ਦਹਿਸ਼ਤਗਰਦਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐਸਪੀ ਯੋਗੇਸ਼ ਚੰਦਰ ਨੇ ਦੱਸਿਆ ਕਿ ਅਸਾਮ ਰਾਈਫਲਜ਼ ਨੂੰ ਸੂਚਨਾ ਮਿਲੀ ਸੀ ਕਿ ਦਹਿਸ਼ਤੀ ਜਥੇਬੰਦੀ ਵਲੋਂ ਆਜ਼ਾਦੀ ਦਿਹਾੜੇ ਕਰਵਾਏ ਜਾਣ ਵਾਲੇ ਸਮਾਗਮਾਂ ਵਿਚ ਧਮਾਕੇ ਕਰਨ ਦੀ ਯੋਜਨਾ ਹੈ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਯਾਰੀਪੋਕ ਬਾਜ਼ਾਰ ਖੇਤਰ ਵਿਚ ਤਲਾਸ਼ੀ ਮੁਹਿੰਮ ਚਲਾਈ। ਇਸ ਤੋਂ ਇਲਾਵਾ ਪੱਛਮੀ ਤੇ ਪੂਰਬੀ ਇੰਫਾਲ ਤੇ ਹੋਰ ਖੇਤਰਾਂ ਦੀ ਵੀ ਤਲਾਸ਼ੀ ਲਈ ਗਈ ਤੇ ਸੱਤ ਦਹਿਸ਼ਤਗਰਦਾਂ ਨੂੰ ਕਾਬੂ ਕੀਤਾ। ਇਸ ਦੌਰਾਨ ਪੁਲੀਸ ਨੇ ਇਕ ਨਾਬਾਲਗ ਕੋਲੋਂ ਹਥਿਆਰ ਤੇ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ ਹੈ। ਮੁੱਢਲੀ ਪੜਤਾਲ ’ਚ ਸਾਹਮਣੇ ਆਇਆ ਕਿ ਉਹ ਪਰਵਾਸੀਆਂ ਨੂੰ ਨਿਸ਼ਾਨਾ ਬਣਾਉਂਦੇ ਸਨ ਤੇ ਉਨ੍ਹਾਂ ਨੇ ਜੂਨ ਤੇ ਜੁਲਾਈ ’ਚ ਦੋ ਜਣਿਆਂ ਦੀ ਹੱਤਿਆ ਕੀਤੀ ਸੀ। -ਪੀਟੀਆਈ