ਇੰਫਾਲ, 1 ਸਤੰਬਰ
ਮਨੀਪੁਰ ਦੇ ਇੰਫਾਲ ਪੱਛਮੀ ਜ਼ਿਲ੍ਹੇ ’ਚ ਸ਼ੱਕੀ ਦਹਿਸ਼ਤਗਰਦਾਂ ਵੱਲੋਂ ਬੰਦੂਕਾਂ ਅਤੇ ਬੰਬਾਂ ਨਾਲ ਕੀਤੇ ਗਏ ਹਮਲੇ ’ਚ ਇਕ ਮਹਿਲਾ ਸਣੇ ਦੋ ਜਣਿਆਂ ਦੀ ਮੌਤ ਹੋ ਗਈ ਜਦਕਿ ਨੌਂ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ’ਚ ਮਹਿਲਾ ਦੀ ਅੱਠ ਸਾਲਾਂ ਦੀ ਧੀ ਅਤੇ ਇਕ ਪੁਲੀਸ ਅਧਿਕਾਰੀ ਵੀ ਸ਼ਾਮਲ ਹਨ। ਹਮਲੇ ’ਚ ਮਾਰੀ ਗਈ ਮਹਿਲਾ ਦੀ ਪਛਾਣ ਨਗੰਗਬਾਮ ਸੁਰਬਾਲਾ ਦੇਵੀ (31) ਵਜੋਂ ਹੋਈ ਹੈ ਜਿਸ ਦਾ ਰਿਜਨਲ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਰਿਮਸ) ’ਚ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਦੂਜੇ ਮ੍ਰਿਤਕ ਦੀ ਅਜੇ ਪਛਾਣ ਨਹੀਂ ਹੋ ਸਕੀ। ਪੁਲੀਸ ਮੁਤਾਬਕ ਦਹਿਸ਼ਤਗਰਦਾਂ ਨੇ ਉੱਚੀ ਪਹਾੜੀ ਤੋਂ ਕੋਟਰੁਕ ਅਤੇ ਗੁਆਂਢੀ ਕਦੰਗਬੰਦ ਦੇ ਹੇਠਲੇ ਇਲਾਕਿਆਂ ’ਚ ਅੰਨ੍ਹੇਵਾਹ ਗੋਲੀਆਂ ਚਲਾਈਆਂ। ਪਿੰਡ ’ਤੇ ਹੋਏ ਅਚਾਨਕ ਹਮਲੇ ਕਾਰਨ ਹਫ਼ੜਾ-ਦਫ਼ੜੀ ਦਾ ਮਾਹੌਲ ਬਣ ਗਿਆ ਜਿਸ ਕਾਰਨ ਔਰਤਾਂ, ਬੱਚੇ ਅਤੇ ਬਜ਼ੁਰਗ ਸੁਰੱਖਿਅਤ ਥਾਵਾਂ ਵੱਲ ਭੱਜ ਗਏ। ਦੇਵੀ ਦੀ ਧੀ ਅਤੇ ਪੁਲੀਸ ਅਧਿਕਾਰੀ ਐੱਨ ਰੌਬਰਟ (30) ਨੂੰ ਰਿਮਸ ਤੇ ਦੋ ਹੋਰ ਜ਼ਖ਼ਮੀਆਂ ਨੂੰ ਰਾਜ ਮੈਡੀਸਿਟੀ ’ਚ ਦਾਖ਼ਲ ਕਰਵਾਇਆ ਗਿਆ ਹੈ। ਜਦੋਂ ਗੋਲੀਬਾਰੀ ਅਤੇ ਬੰਬਾਰੀ ਸ਼ੁਰੂ ਹੋਈ ਤਾਂ ਪੀੜਤ ਆਪਣੇ-ਆਪਣੇ ਘਰਾਂ ’ਚ ਸਨ। ਇਲਾਕੇ ’ਚ ਤਣਾਅ ਦਾ ਮਾਹੌਲ ਹੈ ਅਤੇ ਸੁਰੱਖਿਆ ਬਲਾਂ ਦੀਆਂ ਸੂਬਾਈ ਤੇ ਕੇਂਦਰੀ ਇਕਾਈਆਂ ਤਾਇਨਾਤ ਕੀਤੀਆਂ ਗਈਆਂ ਹਨ। -ਪੀਟੀਆਈ