ਇੰਫਾਲ/ਗੁਹਾਟੀ, 16 ਨਵੰਬਰ
ਮਨੀਪੁਰ-ਅਸਾਮ ਸਰਹੱਦ ’ਤੇ ਜਿਰੀ ਨਦੀ ਅਤੇ ਬਰਾਕ ਨਦੀ ਦੇ ਸੰਗਮ ਨੇੜੇ ਤਿੰਨ ਹੋਰ ਲਾਸ਼ਾਂ ਬਰਾਮਦ ਹੋਣ ਮਗਰੋਂ ਇੰਫਾਲ ਘਾਟੀ ਵਿੱਚ ਤਣਾਅ ਵਧ ਗਿਆ ਹੈ। ਗੁੱਸੇ ਵਿੱਚ ਆਏ ਵੱਡੀ ਗਿਣਤੀ ਲੋਕਾਂ ਵੱਲੋਂ ਇੰਫਾਲ ਘਾਟੀ ਦੇ ਵੱਖ-ਵੱਖ ਹਿੱਸਿਆਂ ’ਚ ਕੀਤੇ ਪ੍ਰਦਰਸ਼ਨਾਂ ਅਤੇ ਮੰਤਰੀਆਂ ਤੇ ਵਿਧਾਇਕਾਂ ਦੀਆਂ ਰਿਹਾਇਸ਼ਾਂ ’ਤੇ ਕੀਤੇ ਹਮਲਿਆਂ ਕਾਰਨ ਇੰਫਾਲ ਪੂਰਬੀ, ਇੰਫਾਲ ਪੱਛਮੀ, ਬਿਸ਼ਨੂਪੁਰ, ਕਾਕਚਿੰਗ ਤੇ ਥੌਬਲ ਜ਼ਿਲ੍ਹਿਆਂ ਵਿੱਚ ਅਣਮਿੱਥੇ ਸਮੇਂ ਲਈ ਕਰਫਿਊ ਲਾ ਦਿੱਤਾ ਗਿਆ ਹੈ। ਮੁੱਖ ਸਕੱਤਰ ਵਿਨੀਤ ਜੋਸ਼ੀ ਨੇ ਦੱਸਿਆ ਕਿ ਅੱਜ ਸ਼ਾਮ ਤੋਂ ਸੱਤ ਜ਼ਿਲ੍ਹਿਆਂ ਇੰਫਾਲ ਪੱਛਮੀ, ਇੰਫਾਲ ਪੂਰਬੀ, ਬਿਸ਼ਨੂਪੁਰ, ਥੌਬਲ, ਕਾਕਚਿੰਗ, ਕੰਗਪੋਕਪੀ ਅਤੇ ਚੂਰਾਚੰਦਪੁਰ ਵਿੱਚ ਮੋਬਾਈਲ ਇੰਟਰਨੈਟ ਅਤੇ ਡੇਟਾ ਸੇਵਾਵਾਂ ਵੀ ਦੋ ਦਿਨਾਂ ਲਈ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਪ੍ਰਦਰਸ਼ਨਕਾਰੀਆਂ ਨੇ ਸੜਕਾਂ ’ਤੇ ਵਾਹਨਾਂ ਅਤੇ ਟਾਇਰਾਂ ਨੂੰ ਅੱਗ ਲਗਾ ਕੇ ਰਸਤੇ ਬੰਦ ਕਰ ਦਿੱਤੇ। ਵੱਖ-ਵੱਖ ਥਾਵਾਂ ’ਤੇ ਸੀਏਪੀਐੱਫ, ਹੋਰ ਨੀਮ ਸੈਨਿਕ ਬਲਾਂ ਤੇ ਪੁਲੀਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਬੀਤੇ ਦਿਨੀਂ ਜਿਰੀਬਾਮ ਵਿੱਚ 10 ਕੂਕੀ ਨੌਜਵਾਨਾਂ ਵੱਲੋਂ ਕੀਤੀ ਗਈ ਹਿੰਸਾ ਮਗਰੋਂ 10 ਵਿਅਕਤੀ ਲਾਪਤਾ ਹੋਏ ਸਨ, ਜਿਨ੍ਹਾਂ ’ਚੋਂ ਛੇ ਦੀਆਂ ਲਾਸ਼ਾਂ ਮਿਲ ਚੁੱਕੀਆਂ ਹਨ। ਤਿੰਨ ਲਾਸ਼ਾਂ ਸ਼ੁੱਕਰਵਾਰ ਨੂੰ ਅਤੇ ਤਿੰਨ ਸ਼ਨਿਚਰਵਾਰ ਨੂੰ ਬਰਾਮਦ ਹੋਈਆਂ ਹਨ। ਸ਼ੁੱਕਰਵਾਰ ਨੂੰ ਬਰਾਮਦ ਹੋਈਆਂ ਲਾਸ਼ਾਂ ਬਿਰਧ ਔਰਤ, ਉਸ ਦੀਆਂ ਦੋ ਧੀਆਂ ਅਤੇ ਤਿੰਨ ਪੋਤੇ-ਪੋਤੀਆਂ ਦੀਆਂ ਦੱਸੀਆਂ ਜਾ ਰਹੀਆਂ ਹਨ। ਲਾਪਤਾ ਹੋਏ ਸਾਰੇ ਵਿਅਕਤੀ ਮੈਤੇਈ ਭਾਈਚਾਰੇ ਨਾਲ ਸਬੰਧਤ ਸਨ। ਲਾਸ਼ਾਂ ਬਰਾਮਦ ਹੋਣ ਦੀ ਖ਼ਬਰ ਮਿਲਣ ਤੋਂ ਬਾਅਦ ਮਨੀਪੁਰ ਦੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੇ ਬੀਤੀ ਰਾਤ ਸੀਨੀਅਰ ਮੰਤਰੀਆਂ ਨਾਲ ਮੀਟਿੰਗ ਵੀ ਕੀਤੀ। ਉਨ੍ਹਾਂ ਸੂਬੇ ਵਿੱਚ ਸ਼ਾਂਤੀ ਰੱਖਣ ਦੀ ਅਪੀਲ ਕੀਤੀ ਹੈ। ਅਧਿਕਾਰੀ ਨੇ ਦੱਸਿਆ ਕਿ ਗੁੱਸੇ ’ਚ ਆਈ ਭੀੜ ਨੇ ਕਈ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਰਿਹਾਇਸ਼ਾਂ ਅਤੇ ਹੋਰ ਸਰਕਾਰੀ ਅਦਾਰਿਆਂ ’ਤੇ ਹਮਲਾ ਕੀਤਾ। ਇਸ ਬਾਰੇ ਸੂਚਨਾ ਮਿਲਣ ਮਗਰੋਂ ਸੁਰੱਖਿਆ ਮੁਲਾਜ਼ਮਾਂ ਨੇ ਤੁਰੰਤ ਵੱਖ-ਵੱਖ ਥਾਵਾਂ ’ਤੇ ਪਹੁੰਚ ਕੇ ਸਥਿਤੀ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। -ਪੀਟੀਆਈ
ਮਨੀਪੁਰ ਸਰਕਾਰ ਵੱਲੋਂ ਕੇਂਦਰ ਨੂੰ ਅਫਸਪਾ ਵਾਪਸ ਲੈਣ ਦੀ ਅਪੀਲ
ਇੰਫਾਲ: ਮਨੀਪੁਰ ਸਰਕਾਰ ਨੇ ਕੇਂਦਰ ਸਰਕਾਰ ਨੂੰ ਹਾਲਾਤ ਦੀ ਸਮੀਖਿਆ ਕਰਨ ਅਤੇ ਸੂਬੇ ਵਿਚਲੇ ਛੇ ਪੁਲੀਸ ਥਾਣਿਆਂ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਇਲਾਕਿਆਂ ’ਚ ਹਥਿਆਰਬੰਦ ਬਲਾਂ ਨੂੰ ਵਿਸ਼ੇਸ਼ ਤਾਕਤਾਂ ਦੇਣ ਸਬੰਧੀ ਐਕਟ (ਅਫ਼ਸਪਾ) ਵਾਪਸ ਲੈਣ ਦੀ ਬੇਨਤੀ ਕੀਤੀ ਹੈ। ਕੇਂਦਰ ਵੱਲੋਂ ਹਿੰਸਾ ਪ੍ਰਭਾਵਿਤ ਜਿਰੀਬਾਮ ਸਣੇ ਮਨੀਪੁਰ ਦੇ ਛੇ ਪੁਲੀਸ ਥਾਣਿਆਂ ਦੇ ਇਲਾਕਿਆਂ ਵਿੱਚ ਮੁੜ ਤੋਂ ਅਫ਼ਸਪਾ ਲਗਾ ਦਿੱਤਾ ਗਿਆ ਹੈ। ਜੁਆਇੰਟ ਸਕੱਤਰ (ਗ੍ਰਹਿ) ਵੱਲੋਂ ਕੇਂਦਰ ਸਰਕਾਰ ਨੂੰ ਲਿਖੇ ਗਏ ਇਕ ਪੱਤਰ ਵਿੱਚ ਕਿਹਾ ਗਿਆ ਹੈ ਕਿ ਸੂਬਾਈ ਮੰਤਰੀ ਮੰਡਲ ਵੱਲੋਂ 15 ਨਵੰਬਰ ਨੂੰ ਆਪਣੀ ਮੀਟਿੰਗ ਵਿੱਚ ਮੁੜ ਅਫਸਪਾ ਲਗਾਏ ਜਾਣ ਬਾਰੇ ਚਰਚਾ ਕੀਤੀ ਗਈ ਅਤੇ ਕੇਂਦਰ ਸਰਕਾਰ ਨੂੰ ਹਾਲਾਤ ਦੀ ਸਮੀਖਿਆ ਕਰਨ ਅਤੇ ਅਫਸਪਾ 1958 ਦੀ ਧਾਰਾ 3 ਤਹਿਤ ਸੂਬੇ ਦੇ ਅਸ਼ਾਂਤ ਐਲਾਨੇ ਗਏ ਛੇ ਪੁਲੀਸ ਥਾਣਿਆਂ ਅਧੀਨ ਆਉਂਦੇ ਇਲਾਕਿਆਂ ਵਿੱਚ ਮੁੜ ਤੋਂ ਲਾਏ ਗਏ ਅਫਸਪਾ ਨੂੰ ਵਾਪਸ ਲੈਣ ਦੀ ਸਿਫ਼ਾਰਿਸ਼ ਕਰਨ ਦਾ ਫੈਸਲਾ ਲਿਆ ਗਿਆ। -ਪੀਟੀਆਈ
ਮਨੀਪੁਰ ਦੀ ਥਾਂ ਮੁੜ ਵਿਦੇਸ਼ ਜਾ ਰਹੇ ਨੇ ਮੋਦੀ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਹ ਮਨੀਪੁਰ ਦਾ ਦੌਰਾ ਕਰਨ ਦੀ ਜਗ੍ਹਾ ਮੁੜ ਵਿਦੇਸ਼ ਦੌਰੇ ’ਤੇ ਜਾ ਰਹੇ ਹਨ। ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਕਿਹਾ, ‘ਅਗਲੇ ਤਿੰਨ ਦਿਨਾਂ ਤੱਕ ਅਸੀਂ ਪ੍ਰਧਾਨ ਮੰਤਰੀ ਦੇ ਝੂਠੇ ਪ੍ਰਚਾਰ ਤੋਂ ਬਚੇ ਰਹਾਂਗੇ ਪਰ ਮੋਦੀ ਜੀ ਲਗਾਤਾਰ ਉਸ ਅਸ਼ਾਂਤ ਸੂਬੇ ਮਨੀਪੁਰ ਦਾ ਦੌਰਾ ਕਰਨ ਤੋਂ ਇਨਕਾਰ ਕਿਉਂ ਕਰ ਰਹੇ ਹਨ, ਜਿੱਥੋਂ ਦੇ ਲੋਕ ਮਈ 2023 ਤੋਂ ਦੁੱਖ ਝੱਲਣ ਲਈ ਮਜਬੂਰ ਹਨ। -ਪੀਟੀਆਈ
ਮੁਕਾਬਲੇ ’ਚ ਮਾਰੇ ਗਏ 10 ਕੁਕੀ-ਜ਼ੋ ਨੌਜਵਾਨਾਂ ਦੀਆਂ ਲਾਸ਼ਾਂ ਚੂਰਾਚਾਂਦਪੁਰ ਭੇਜੀਆਂ
ਗੁਹਾਟੀ: ਮਨੀਪੁਰ ਦੇ ਜਿਰੀਬਾਮ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਮਾਰੇ ਗਏ 10 ਕੁਕੀ-ਜ਼ੋ ਨੌਜਵਾਨਾਂ ਦੀਆਂ ਲਾਸ਼ਾਂ ਅੱਜ ਪੋਸਟਮਾਰਟਮ ਤੋਂ ਬਾਅਦ ਹਵਾਈ ਰਸਤੇ ਅਸਾਮ ਦੇ ਸਿਲਚਰ ਤੋਂ ਚੂਰਾਚਾਂਦਪੁਰ ਭੇਜੀਆਂ ਗਈਆਂ ਹਨ। ਇਸ ਤੋਂ ਪਹਿਲਾਂ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਅੱਜ ਸਿਲਚਰ ਮੈਡੀਕਲ ਕਾਲਜ ਹਸਪਤਾਲ ਦੇ ਬਾਹਰ ਪ੍ਰਦਰਸ਼ਨ ਕੀਤਾ। ਉਨ੍ਹਾਂ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪਣ ਦੀ ਮੰਗ ਕੀਤੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਸੁਰੱਖਿਆ ਬਲਾਂ ਨਾਲ ਝੜਪ ਵੀ ਹੋ ਗਈ। ਅਸਾਮ ਪੁਲੀਸ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਲਾਸ਼ਾਂ ਮਨੀਪੁਰ ਪੁਲੀਸ ਨੂੰ ਸੌਂਪ ਦਿੱਤੀਆਂ ਜਾਣਗੀਆਂ ਅਤੇ ਉਹ ਇਹ ਮਾਮਲਾ ਉਨ੍ਹਾਂ ਕੋਲ ਉਠਾ ਸਕਦੇ ਹਨ। ਗੁੱਸੇ ’ਚ ਆਏ ਪਰਿਵਾਰਕ ਮੈਂਬਰਾਂ ਨੇ ਇਹ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਪੁਲੀਸ ਮੁਲਾਜ਼ਮਾਂ ’ਤੇ ਪੱਥਰਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਚਾਰ ਪੱਤਰਕਾਰ ਅਤੇ ਕਈ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਇਸ ਮਗਰੋਂ ਪੁਲੀਸ ਨੇ ਪ੍ਰਦਰਸ਼ਨਕਾਰੀਆਂ ’ਤੇ ਲਾਠੀਚਾਰਜ ਕੀਤਾ। -ਪੀਟੀਆਈ
ਸੁਰੱਖਿਆ ਬਲਾਂ ਨੂੰ ਸ਼ਾਂਤੀ ਬਹਾਲ ਕਰਨ ਲਈ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼
ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਜ ਕਿਹਾ ਕਿ ਮਨੀਪੁਰ ਵਿੱਚ ਕੁੱਝ ਦਿਨਾਂ ਤੋਂ ਸਥਿਤੀ ਨਾਜ਼ੁਕ ਬਣੀ ਹੋਈ ਹੈ, ਜਿਸ ਦੇ ਮੱਦੇਨਜ਼ਰ ਸੂਬੇ ਵਿੱਚ ਤਾਇਨਾਤ ਸਾਰੇ ਸੁਰੱਖਿਆ ਬਲਾਂ ਨੂੰ ਸ਼ਾਂਤੀ ਬਹਾਲ ਕਰਨ ਲਈ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਗਏ ਹਨ। ਮਨੀਪੁਰ ਵਿੱਚ ਸੋਮਵਾਰ ਨੂੰ 11 ਮਸ਼ਕੂਕ ਅਤਿਵਾਦੀਆਂ ਨੇ ਮਨੀਪੁਰ ਦੇ ਜਿਰੀਬਾਮ ਜ਼ਿਲ੍ਹੇ ਵਿੱਚ ਥਾਣੇ ਅਤੇ ਨੇੜਲੇ ਸੀਆਰਪੀਐਫ ਕੈਂਪ ’ਤੇ ਆਧੁਨਿਕ ਹਥਿਆਰਾਂ ਨਾਲ ਹਮਲਾ ਕੀਤਾ ਸੀ। ਬਾਅਦ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਉਹ ਮਾਰੇ ਗਏ ਸਨ। ਇਸ ਤੋਂ ਇੱਕ ਦਿਨ ਬਾਅਦ ਅਤਿਵਾਦੀਆਂ ਨੇ ਉਸੇ ਜ਼ਿਲ੍ਹੇ ਤੋਂ ਔਰਤਾਂ ਅਤੇ ਬੱਚਿਆਂ ਸਮੇਤ ਛੇ ਨਾਗਰਿਕਾਂ ਨੂੰ ਅਗਵਾ ਕਰ ਲਿਆ ਸੀ। ਮੰਤਰਾਲੇ ਨੇ ਅੱਜ ਕਿਹਾ, ‘ਮਨੀਪੁਰ ਵਿੱਚ ਸੁਰੱਖਿਆ ਦੀ ਸਥਿਤੀ ਕੁਝ ਦਿਨਾਂ ਤੋਂ ਨਾਜ਼ੁਕ ਹੈ।’ ਉਸ ਨੇ ਕਿਹਾ ਕਿ ਹਿੰਸਕ ਕਾਰਵਾਈਆਂ ’ਚ ਸ਼ਾਮਲ ਕਿਸੇ ਵੀ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਾਂਚ ਲਈ ਅਹਿਮ ਮਾਮਲੇ ਐੱਨਆਈਏ ਨੂੰ ਸੌਂਪ ਦਿੱਤੇ ਗਏ ਹਨ। -ਪੀਟੀਆਈ