ਨਵੀਂ ਦਿੱਲੀ: ਮੈਨਕਾਈਂਡ ਫਾਰਮਾ ਨੇ ਅੱਜ ਕਿਹਾ ਕਿ ਉਸ ਨੇ ਪੋਸਾਕੋਨਾਜ਼ੋਲ ਗੈਸਟੋ ਰਜ਼ਿਸਟੈਂਟ ਗੋਲੀਆਂ ਤਿਆਰ ਕੀਤੀਆਂ ਹਨ, ਜੋ ਕਾਲੀ ਫੰਗਸ ਦੇ ਇਲਾਜ ਵਿੱਚ ਕੰਮ ਆਉਣਗੀਆਂ। ਕੰਪਨੀ ਨੇ ਇਹ ਦਵਾਈ ‘ਪੋਸਾਫੋਰਸ 100’ ਬ੍ਰਾਂਡ ਨਾਂ ਹੇਠ ਲਾਂਚ ਕੀਤੀ ਹੈ। ਮੈਨਕਾਈਂਡ ਫਾਰਮਾ ਨੇ ਇਕ ਬਿਆਨ ਵਿੱਚ ਕਿਹਾ, ‘ਕਾਲੀ ਫੰਗਸ ਦੇ ਰੋਜ਼ਾਨਾ ਵਧਦੇ ਕੇਸਾਂ ਦਰਮਿਆਨ, ਲਾਗ ਦੇ ਟਾਕਰੇ ਲਈ ਇਹ ਉਤਪਾਦ ਲਾਂਚ ਕੀਤਾ ਗਿਆ ਹੈ। ਡਰੱਗ ਫਰਮ ਨੇ ਹਮੇਸ਼ਾ ਇਹ ਕੋਸ਼ਿਸ਼ ਕੀਤੀ ਹੈ ਕਿ ਫਾਰਮਾਸਿਊਟੀਕਲ ਇੰਡਸਟਰੀ ਵਿੱਚ ਬਿਹਤਰ ਮਿਆਰੀ ਮਾਪਦੰਡਾਂ ਦੇ ਟੀਚੇ ਦੀ ਪ੍ਰਾਪਤੀ ਲਈ ਕਿਫ਼ਾਇਤੀ ਦਵਾਈਆਂ ਲਾਂਚ ਕੀਤੀਆਂ ਜਾਣ।’’ ਬਿਆਨ ਮੁਤਾਬਕ ਪੋਸਾਕੋਨਾਜ਼ੋਲ ਕਾਲੀ ਫੰਗਸ ਦੇ ਇਲਾਜ ਵਿੱਚ ਪੂਰੀ ਤਰ੍ਹਾਂ ਸੁਰੱਖਿਅਤ ਤੇ ਅਸਰਦਾਰ ਹੈ। ਇਸ ਦਵਾਈ ਨੂੰ ਭਾਰਤੀ ਡਰੱਗ ਕੰਟਰੋਲਰ ਜਨਰਲ, ਏਮਸ ਤੇ ਆਈਸੀਐੱਮਆਰ ਤੋਂ ਲੋੜੀਂਦੀ ਪ੍ਰਵਾਨਗੀ ਵੀ ਹਾਸਲ ਹੈ। ਦੇਸ਼ ਵਿੱਚ ਕਾਲੀ ਫੰਗਸ ਦੇ 12000 ਤੋਂ ਵੱਧ ਕੇਸ ਸਾਹਮਣੇ ਆਏ ਹਨ। ਵੱਡੀ ਗਿਣਤੀ ਕੇਸ ਗੁਜਰਾਤ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਤਿਲੰਗਾਨਾ ਤੋਂ ਰਿਪੋਰਟ ਹੋਏ ਹਨ। -ਪੀਟੀਆਈ