ਨਵੀਂ ਦਿੱਲੀ,13 ਅਗਸਤ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ 20 ਅਗਸਤ ਨੂੰ ਵਿਰੋਧੀ ਆਗੂਆਂ ਦੀ ਸੱਦੀ ਗਈ ਵਰਚੁਅਲ ਬੈਠਕ ’ਚ ਸ਼ਮੂਲੀਅਤ ਦੀ ਵਿਰੋਧੀ ਧਿਰਾਂ ਦੇ ਕਈ ਆਗੂਆਂ ਨੇ ਹਾਮੀ ਭਰੀ ਹੈ। ਤ੍ਰਿਣਮੂਲ ਕਾਂਗਰਸ ਨੂੰ ਬੈਠਕ ਲਈ ਸੱਦਾ ਮਿਲ ਗਿਆ ਹੈ। ਟੀਐੱਮਸੀ ਸੁਪਰੀਮੋ ਮਮਤਾ ਬੈਨਰਜੀ ਨੇ ਇਸ ਦੀ ਤਸਦੀਕ ਕੀਤੀ ਹੈ। ਉਧਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਤੇ ਸ਼ਿਵ ਸੈਨਾ ਦੇ ਮੁਖੀ ਊਧਵ ਠਾਕਰੇ ਅਤੇ ਐੱਨਸੀਪੀ ਮੁਖੀ ਸ਼ਰਦ ਪਵਾਰ ਵੀ ਸੋਨੀਆ ਵੱਲੋਂ ਸੱਦੀ ਬੈਠਕ ’ਚ ਸ਼ਮੂਲੀਅਤ ਕਰਨਗੇ। ਸ਼ਿਵ ਸੈਨਾ ਆਗੂ ਸੰਜੈ ਰਾਊਤ ਅਤੇ ਐੱਨਸੀਪੀ ਦੀ ਸੰਸਦ ਮੈਂਬਰ ਸੁਪ੍ਰਿਆ ਸੂਲੇ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਧਰ ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਵੀ ਵਰਚੁਅਲ ਮੀਟਿੰਗ ’ਚ ਹਿੱਸਾ ਲੈ ਸਕਦੇ ਹਨ। ਸੂਤਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਬੈਠਕ ਲਈ ਸੱਦਾ ਛੇਤੀ ਹੀ ਮਿਲ ਸਕਦਾ ਹੈ। ਮੀਟਿੰਗ ਦਾ ਏਜੰਡਾ ਅਜੇ ਪਤਾ ਨਹੀਂ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਵਿਰੋਧੀ ਧਿਰਾਂ ’ਚ ਏਕੇ ਅਤੇ ਸਰਕਾਰ ਨੂੰ ਵੱਖ ਵੱਖ ਮੁੱਦਿਆਂ ’ਤੇ ਘੇਰਨ ਦੀ ਰਣਨੀਤੀ ਬਣਾਉਣ ’ਤੇ ਚਰਚਾ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਮਮਤਾ ਬੈਨਰਜੀ ਨੇ ਪਿਛਲੇ ਮਹੀਨੇ ਆਪਣੇ ਦਿੱਲੀ ਦੌਰੇ ਦੌਰਾਨ ਵਿਰੋਧੀ ਧਿਰਾਂ ਦੀ ਏਕਤਾ ਦੀ ਵਕਾਲਤ ਕੀਤੀ ਸੀ। ਟੀਐੱਮਸੀ ਨੇ ਕਾਂਗਰਸ ਦੇ ਟਵਿੱਟਰ ਹੈਂਡਲ ਅਤੇ ਰਾਹੁਲ ਗਾਂਧੀ ਸਮੇਤ ਹੋਰ ਆਗੂਆਂ ਦਾ ਖਾਤਾ ਬਲਾਕ ਕਰਨ ਦੀ ਨਿਖੇਧੀ ਕੀਤੀ ਸੀ। ਉਨ੍ਹਾਂ ਦੇ ਸਿਆਸੀ ਸਲਾਹਕਾਰ ਅਤੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਵੱਲੋਂ ਵੀ ਵੱਖ ਵੱਖ ਆਗੂਆਂ ਨਾਲ ਮੁਲਾਕਾਤ ਕਰਕੇ ਏਕੇ ਦੀ ਰਣਨੀਤੀ ਬਣਾਈ ਜਾ ਰਹੀ ਹੈ। ਐੱਨਸੀਪੀ ਮੁਖੀ ਸ਼ਰਦ ਪਵਾਰ ਵੱਲੋਂ ਵੀ ਵੱਖ ਵੱਖ ਹਸਤੀਆਂ ਅਤੇ ਵਿਰੋਧੀ ਆਗੂਆਂ ਨਾਲ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਹਨ। -ਪੀਟੀਆਈ