ਨਵੀਂ ਦਿੱਲੀ, 30 ਅਗਸਤ
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਕੋਵਿਡ-19 ਨੇ ਕਈ ਜ਼ਿੰਦਗੀਆਂ ਬਰਬਾਦ ਕਰ ਛੱਡੀਆਂ ਹਨ ਤੇ ਮਹਾਮਾਰੀ ਦੌਰਾਨ ਆਪਣੇ ਮਾਤਾ-ਪਿਤਾ ਜਾਂ ਦੋਵਾਂ ਨੂੰ ਗੁਆ ਦੇਣ ਵਾਲਿਆਂ ਬੱਚਿਆਂ ਦੀ ਜ਼ਿੰਦਗੀ ਦਾਅ ’ਤੇ ਲੱਗੀ ਵੇਖਣਾ ‘ਦਿਲ ਨੂੰ ਪੀੜਾ ਦੇਣ ਵਾਲਾ’ ਹੈ। ਸਿਖਰਲੀ ਅਦਾਲਤ ਨੇ ਹਾਲਾਂਕਿ ਅਜਿਹੇ ਬੱਚਿਆਂ ਨੂੰ ਰਾਹਤ ਦੇਣ ਲਈ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਐਲਾਨੀਆਂ ਯੋਜਨਾਵਾਂ ’ਤੇ ਤਸੱਲੀ ਜ਼ਾਹਿਰ ਕੀਤੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਸਰਕਾਰਾਂ ਨੇ ਅਜਿਹੇ ਬੱਚਿਆਂ ਦੀ ਪਛਾਣ ਕਰਨ ਲਈ ‘ਤਸੱਲੀਬਖ਼ਸ਼ ਪੇਸ਼ਕਦਮੀ’ ਕੀਤੀ ਹੈ, ਜੋ ਕੋਵਿਡ-19 ਮਹਾਮਾਰੀ ਦਰਮਿਆਨ ਯਤੀਮ ਹੋ ਗਏ ਸਨ ਜਾਂ ਫਿਰ ਆਪਣੇ ਮਾਤਾ-ਪਿਤਾ ’ਚੋਂ ਕਿਸੇ ਇਕ ਨੂੰ ਗੁਆ ਬੈਠੇ ਹਨ। ਜਸਟਿਸ ਐੱਲ.ਨਾਗੇਸ਼ਵਰ ਰਾਓ ਤੇ ਜਸਟਿਸ ਅਨਿਰੁਧ ਬੋਸ ਦੇ ਬੈਂਚ ਨੇ ਕਿਹਾ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਲੋੜਵੰਦ ਬੱਚਿਆਂ ਦੀ ਮਦਦ ਲਈ ਯੋਜਨਾਵਾਂ ਦਾ ਐਲਾਨ ਕੀਤਾ ਹੈ ਤੇ ਇਸ ਵਿੱਚ ਕੋਈ ਸ਼ੱਕ ਸ਼ੁਬ੍ਹਾ ਵੀ ਨਹੀਂ ਹੈ ਕਿ ਸਬੰਧਤ ਅਧਿਕਾਰੀ ਅਜਿਹੇੇ ਬੱਚਿਆਂ ਨੂੰ ਫੌਰੀ ਬੁਨਿਆਦੀ ਸਹੂਲਤਾਂ ਦੇਣ ਵਿੱਚ ਕੋਈ ਕਸਰ ਬਾਕੀ ਛੱਡਣਗੇ। ਬੈਂਚ ਨੇ ਕੇਸ ਦੀ ਅਗਲੀ ਸੁਣਵਾਈ 7 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਹੈ। -ਪੀਟੀਆਈ