ਪੁਣੇ, 9 ਸਤੰਬਰ
ਰਾਸ਼ਟਰੀ ਸਵੈ ਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਅੱਜ ਕਿਹਾ ਕਿ ਕੁਝ ਤੱਤ ਨਹੀਂ ਚਾਹੁੰਦੇ ਕਿ ਭਾਰਤ ਵਿਕਾਸ ਕਰੇ, ਇਸ ਕਰ ਕੇ ਉਹ ਵਿਕਾਸ ਦੇ ਰਾਹ ਵਿੱਚ ਅੜਿੱਕੇ ਖੜ੍ਹੇ ਕਰ ਰਹੇ ਹਨ ਪਰ ਉਨ੍ਹਾਂ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਸਮੇਂ ਵੀ ਅਜਿਹੀ ਸਥਿਤੀ ਬਣੀ ਸੀ ਜਿਸ ਨੂੰ ਧਰਮ ਦੀ ਸ਼ਕਤੀ ਨਾਲ ਨਜਿੱਠਿਆ ਗਿਆ ਸੀ। ਭਾਗਵਤ ਨੇ ਕਿਹਾ ਕਿ ਪਹਿਲਾਂ ਭਾਰਤ ’ਤੇ ਬਾਹਰੀ ਹਮਲੇ ਵੱਡੇ ਪੱਧਰ ’ਤੇ ਦਿਖਾਈ ਦਿੰਦੇ ਸਨ, ਇਸ ਲਈ ਲੋਕ ਚੌਕਸ ਸਨ ਪਰ ਹੁਣ ਵੱਖ-ਵੱਖ ਢੰਗਾਂ ਨਾਲ ਹਮਲੇ ਕੀਤੇ ਜਾ ਰਹੇ ਹਨ। ਸ੍ਰੀ ਭਾਗਵਤ ਨੇ ਲੇਖਕ ਡਾ. ਮਿਲਿੰਦ ਪਰਾਡਕਰ ਦੀ ਪੁਸਤਕ ‘ਤੰਜਾਵੜਚੇ ਮਰਾਠੇ’ ਨੂੰ ਰਿਲੀਜ਼ ਕਰਨ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਤਾੜਕਾ ਨੇ ਹਮਲਾ ਕੀਤਾ (ਰਾਮਾਇਣ ਵਿੱਚ ਇੱਕ ਰਾਖਸ਼) ਤਾਂ ਬਹੁਤ ਹਫੜਾ-ਦਫੜੀ ਮਚ ਗਈ ਸੀ ਅਤੇ ਉਸ ਨੂੰ ਇੱਕ ਤੀਰ (ਰਾਮ ਅਤੇ ਲਛਮਣ ਦੇ) ਨਾਲ ਮਾਰਿਆ ਗਿਆ ਤੇ ਉਹ ਮੁੜ ਭੇਸ ਬਦਲ ਕੇ ਆਈ ਪਰ ਉਸ ਨਾਲ ਮੁੜ ਨਜਿੱਠਿਆ ਗਿਆ। ਅੱਜ ਦੀ ਸਥਿਤੀ ਵੀ ਅਜਿਹੀ ਹੀ ਹੈ। ਇਸ ਵੇਲੇ ਭਾਰਤ ’ਤੇ ਆਰਥਿਕ, ਅਧਿਆਤਮਿਕ ਜਾਂ ਰਾਜਨੀਤਿਕ ਹਰ ਢੰਗ ਨਾਲ ਹਮਲੇ ਹੋ ਰਹੇ ਹਨ ਪਰ ਉਨ੍ਹਾਂ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ। ਪੀਟੀਆਈ