ਸ਼ਿਮਲਾ, 19 ਜੁਲਾਈ
ਮੁੱਖ ਅੰਸ਼
- ਜਾਨੀ ਨੁਕਸਾਨ ਤੋਂ ਬਚਾਅ; ਘਰਾਂ ਤੇ ਖੇਤਾਂ ’ਚ ਪਾਣੀ ਭਰਿਆ
-
ਅਮਰਾਵਤੀ ’ਚ ਘਰ ਡਿੱਗਣ ਕਾਰਨ ਮਾਂ ਤੇ ਧੀ ਦੀ ਮੌਤ
ਭਾਰਤ-ਤਿੱਬਤ ਦੀ ਸਰਹੱਦ ’ਤੇ ਬੱਦਲ ਫਟਣ ਕਾਰਨ ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਹੜ੍ਹ ਆ ਗਿਆ, ਜਿਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਸ਼ਾਮ 7 ਵਜੇ ਚਾਂਗੋ ਤੇ ਸ਼ਲਖਾਰ ਪਿੰਡਾਂ ਵਿੱਚ ਬੱਦਲ ਫਟ ਗਿਆ ਜਿਸ ਕਾਰਨ ਇੱਕ ਛੋਟਾ ਪੁਲ, ਇੱਕ ਸ਼ਮਸ਼ਾਨਘਾਟ ਤੇ ਕਈ ਬਾਗ਼ ਨੁਕਸਾਨੇ ਗਏ। ਸੂਬੇ ਦੀ ਆਫ਼ਤ ਪ੍ਰਬੰਧਨ ਨਿਰਦੇਸ਼ਕ ਸੁਦੇਸ਼ ਮੋਖਤਾ ਨੇ ਦੱਸਿਆ ਕਿ ਕੈਨਾਲਾਂ ’ਚ ਹੜ੍ਹ ਦਾ ਪਾਣੀ ਆਉਣ ਕਾਰਨ ਸ਼ਲਖਾਰ ਤੇ ਨੇੜਲੇ ਪਿੰਡਾਂ ਦੇ ਕਈ ਘਰਾਂ ਤੇ ਖੇਤਾਂ ’ਚ ਚਿੱਕੜ ਭਰ ਗਿਆ। ਉਨ੍ਹਾਂ ਦੱਸਿਆ ਕਿ ਫੀਲਡ ਰਿਪੋਰਟ ਆਉਣ ਮਗਰੋਂ ਹੀ ਦੋਵਾਂ ਪਿੰਡਾਂ ਵਿੱਚ ਹੋਏ ਨੁਕਸਾਨ ਦਾ ਅੰਦਾਜ਼ਾ ਲਾਇਆ ਜਾ ਸਕੇਗਾ। -ਪੀਟੀਆਈ
ਨਾਗਪੁਰ: ਮਹਾਰਾਸ਼ਟਰ ਦੇ ਅਮਰਾਵਾਤੀ ਜ਼ਿਲ੍ਹੇ ਵਿੱਚ ਅੱਜ ਸਵੇਰੇ ਇੱਕ ਡਿੱਗਣ ਕਾਰਨ ਇੱਕ ਮਹਿਲਾ ਤੇ ਉਸਦੀ ਸੱਤ ਸਾਲਾ ਬੱਚੀ ਦੀ ਮੌਤ ਹੋ ਗਈ ਜਦਕਿ ਤਿੰਨ ਪਰਿਵਾਰਕ ਮੈਂਬਰ ਜ਼ਖਮੀ ਹੋ ਗਏ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਫੁੱਬਗਾਓਂ ਵਿੱਚ ਸਵੇਰੇ ਲਗਪਗ 6 ਵਜੇ ਵਾਪਰੀ। -ਪੀਟੀਆਈ
ਉੱਤਰਾਖੰਡ ਵਿੱਚ ਜ਼ਮੀਨ ਖਿਸਕਣ ਕਾਰਨ ਹਾਈਵੇਅ ਅਤੇ 89 ਪੇਂਡੂ ਸੜਕਾਂ ਬੰਦ
ਦੇਹਰਾਦੂਨ: ਉੱਤਰਾਖੰਡ ਦੇ ਵੱਖ-ਵੱਖ ਇਲਾਕਿਆਂ ਵਿੱਚ ਮੀਂਹ ਕਰਕੇ ਜ਼ਮੀਨ ਖਿਸਕਣ ਕਾਰਨ ਅੱਜ ਰਿਸ਼ੀਕੇਸ਼-ਕੇਦਾਰਨਾਥ ਹਾਈਵੇਅ ਅਤੇ ਪੇਂਡੂ ਖੇਤਰ ਦੀਆਂ 89 ਸੜਕਾਂ ਤੋਂ ਇਲਾਵਾ ਸੂਬੇ ਦੇ ਹੋਰ ਕਈ ਮਾਰਗ ਬੰਦ ਹੋ ਗਏ। ਸੂਬੇ ਦੇ ਐਮਰਜੈਂਸੀ ਅਪਰੇਸ਼ਨ ਸੈਂਟਰ ਨੇ ਦੱਸਿਆ ਕਿ ਜ਼ਮੀਨ ਖਿਸਕਣ ਕਾਰਨ ਮਲਬਾ ਗੁਪਤਕਾਸ਼ੀ ਨੇੜੇ ਰਿਸ਼ੀਕੇਸ਼-ਕੇਦਾਰਨਾਥ ਹਾਈਵੇਅ ’ਤੇ ਜਾ ਡਿੱਗਿਆ ਜਿਸ ਕਾਰਨ ਆਵਾਜਾਈ ’ਚ ਵਿਘਨ ਪਿਆ। ਉਨ੍ਹਾਂ ਕਿਹਾ ਕਿ ਮਲਬਾ ਹਟਾ ਕੇ ਹਾਈਵੇਅ ਖੋਲ੍ਹਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਹਾਲਾਂਕਿ ਗੌਰੀਕੁੰਡ ਤੋਂ ਹਿਮਾਲਿਅਨ ਮੰਦਰ ਤੱਕ ਟਰੈਕ ਰੂਟ ਖੁੱਲ੍ਹਾ ਹੈ। ਇਸੇ ਤਰ੍ਹਾਂ ਰੁਦਰਪ੍ਰਯਾਗ ਜ਼ਿਲ੍ਹੇ ਵਿੱਚ ਮੀਂਹ ਕਾਰਨ ਉੱਤਰਾਕਾਸ਼ੀ-ਤਹਿਰੀ-ਘਨਸਾਲੀ-ਮਯਾਲੀ, ਤਿਵਾੜਾ ਮੋਟਰ ਮਾਰਗ ’ਤੇ ਪੁਲ ਨੁਕਾਸਨਿਆ ਗਿਆ। ਉਨ੍ਹਾਂ ਦੱਸਿਆ ਕਿ ਉੱਤਰਾਖੰਡ ਦੇ 13 ਜ਼ਿਲ੍ਹਿਆਂ ਦੀਆਂ ਕੁੱਲ 89 ਪੇਂਡੂ ਸੜਕਾਂ ਢਿੱਗਾਂ ਡਿੱਗਣ ਕਾਰਨ ਬੰਦ ਹੋ ਗਈਆਂ ਹਨ।
ਰਾਜਸਥਾਨ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ
ਜੈਪੁਰ: ਰਾਜਸਥਾਨ ਦੇ ਕਈ ਜ਼ਿਲ੍ਹਿਆਂ ਵਿੱਚ ਸੋਮਵਾਰ ਤੋਂ ਭਾਰੀ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਬੰਸਵਾੜਾ ’ਚ ਪੈਂਦੇ ਭੁੰਗਰਾ ’ਚ ਸਭ ਤੋਂ ਵੱਧ 203 ਐੱਮ ਐੱਮ ਮੀਂਹ ਰਿਕਾਰਡ ਕੀਤਾ ਗਿਆ। ਸੋਮਵਾਰ ਸਵੇਰ ਤੋਂ ਬੰਸਵਾੜਾ, ਚਿਤੌੜਗੜ੍ਹ, ਝਲਾਵਰ, ਬੂੰਦੀ, ਦੁੰਗਰਪੁਰ, ਸਿਰੋਹੀ, ਕੋਟਾ ਤੇ ਰਾਜਸਮੰਦ ਜ਼ਿਲ੍ਹਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਦਰਜ ਕੀਤਾ ਗਿਆ। ਪੱਛਮੀ ਰਾਜਸਥਾਨ ’ਚ ਕੁਝ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਮੀਂਹ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਵਿੱਚ ਕੋਟਾ, ਉਦੈਪੁਰ ਤੇ ਅਜਮੇਰ ’ਚ ਕੁਝ ਥਾਵਾਂ ’ਤੇ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ।