ਨਵੀਂ ਦਿੱਲੀ, 2 ਅਪਰੈਲ
ਭਾਰਤ ਦੇ ਮੌਸਮ ਵਿਭਾਗ ਨੇ ਅੱਜ ਕਿਹਾ ਕਿ ਦੇਸ਼ ਵਿੱਚ ਪਿਛਲੇ 122 ਸਾਲਾਂ ਦੌਰਾਨ ਮਾਰਚ ਮਹੀਨਾ ਹੁਣ ਤੱਕ ਸਭ ਤੋਂ ਗਰਮ ਰਿਹਾ ਹੈ ਤੇ ਇਸ ਮਹੀਨੇ ਦੌਰਾਨ ਦੇਸ਼ ਵਿੱਚ ਤੀਖਣ ਗਰਮੀ ਮਹਿਸੂਸ ਕੀਤੀ ਗਈ। ਮੌਸਮ ਵਿਭਾਗ ਨੇ ਇਸ ਅਸਧਾਰਨ ਗਰਮੀ ਲਈ ਉੱਤਰ ਭਾਰਤ ਵਿੱਚ ਸਰਗਰਮ ਪੱਛਮੀ ਗੜਬੜੀ ਤੇ ਦੱਖਣੀ ਭਾਰਤ ਵਿੱਚ ਕਿਸੇ ਵੀ ਪ੍ਰਮੁੱਖ ਤੰਤਰ ਦੇ ਨਾ ਬਣਨ ਕਰਕੇ ਮੀਂਹ ਦੀ ਘਾਟ ਨੂੰ ਜ਼ਿੰਮੇਵਾਰ ਦੱਸਿਆ ਹੈ। ਪੂਰੇ ਦੇਸ਼ ਵਿੱਚ 8.9 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜੋ ਇਸ ਦੇ ਲੰਮੇ ਅਰਸੇ ਦੇ ਔਸਤ ਮੀਂਹ 30.4 ਮਿਲੀਮੀਟਰ ਤੋਂ 71 ਫੀਸਦ ਘੱਟ ਸੀ। ਸਾਲ 1909 ਵਿੱਚ 7.2 ਮਿਲੀਮੀਟਰ ਤੇ 1908 ਵਿੱਚ 8.7 ਮਿਲੀਮੀਟਰ ਤੋਂ ਬਾਅਦ 1901 ਤੋਂ ਮਾਰਚ ਵਿੱਚ ਤੀਜੀ ਵਾਰ ਸਭ ਤੋਂ ਘੱਟ ਮੀਂਹ ਪਿਆ ਹੈ। ਆਈਐੱਮਡੀ ਨੇ ਇਕ ਬਿਆਨ ਵਿੱਚ ਕਿਹਾ, ‘‘ਪੂਰੇ ਦੇਸ਼ ਵਿਚ ਮਾਰਚ 2022 ਵਿੱਚ ਦਰਜ ਕੀਤਾ ਗਿਆ ਔਸਤ ਵੱਧ ਤੋਂ ਵੱਧ ਤਾਪਮਾਨ (33.10 ਡਿਗਰੀ ਸੈਲਸੀਅਸ) ਪਿਛਲੇ 122 ਸਾਲਾਂ ਵਿੱਚ ਸਭ ਤੋਂ ਵੱਧ ਹੈ।’’ ਮਾਰਚ 2010 ਵਿੱਚ ਦੇਸ਼ ਦਾ ਉਪਰਲਾ ਤਾਪਮਾਨ 33.09 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਮੌਸਮ ਵਿਭਾਗ ਨੇ ਕਿਹਾ ਕਿ ਮਾਰਚ ਵਿੱਚ ਦੇਸ਼ ਦਾ ਔਸਤ ਤਾਪਮਾਨ 26.67 ਡਿਗਰੀ ਸੈਲਸੀਅਸ, ਮਾਰਚ 2010 ਵਿੱਚ ਦਰਜ 26.671 ਡਿਗਰੀ ਸੈਲਸੀਅਸ ਤੋਂ ਬਾਅਦ ਦੂਜਾ ਸਭ ਤੋਂ ਵੱਧ ਤਾਪਮਾਨ ਹੈ। ਪੂਰੇ ਦੇਸ਼ ਵਿੱਚ ਇਸ ਸਾਲ ਮਾਰਚ ਵਿੱਚ ਔਸਤ ਘੱਟ ਤੋਂ ਘੱਟ ਤਾਪਮਾਨ 20.24 ਡਿਗਰੀ ਸੈਲਸੀਅਸ ਸੀ, ਜੋ 1953 ਵਿੱਚ 20.26 ਡਿਗਰੀ ਸੈਲਸੀਅਸ ਤੇ 2010 ਵਿੱਚ 20.25 ਡਿਗਰੀ ਸੈਲਸੀਅਸ ਮਗਰੋਂ 122 ਸਾਲਾਂ ਵਿੱਚ ਤੀਜਾ ਸਭ ਤੋਂ ਵੱਧ ਤਾਪਮਾਨ ਸੀ। ਉੱਤਰ-ਪੱਛਮੀ ਭਾਰਤ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ (30.73 ਡਿਗਰੀ ਸੈਲਸੀਅਸ) ਪਿਛਲੇ 122 ਸਾਲਾਂ ਵਿੱਚ ਸਭ ਤੋਂ ਵੱਧ ਹੈ। ਮਾਰਚ 2004 ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ 30.67 ਡਿਗਰੀ ਸੈਲਸੀਅਸ ਦੇਖਿਆ ਗਿਆ ਸੀ। ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਦੋ-ਚਾਰ ਦਿਨਾਂ ਵਿੱਚ ਜੰਮੂ, ਹਿਮਾਚਲ ਪ੍ਰਦੇਸ਼, ਗੁਜਰਾਤ, ਝਾਰਖੰਡ, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਵਿੱਚ ਗਰਮ ਹਵਾਵਾਂ ਚੱਲਣ ਦਾ ਅਨੁਮਾਨ ਹੈ। ਵਿਭਾਗ ਨੇ 2 ਤੋਂ 4 ਅਪਰੈਲ ਤੱਕ ਅਰੁਣਾਚਲ ਪ੍ਰਦੇਸ਼, ਅਸਾਮ ਤੇ ਮੇਘਾਲਿਆ ਵਿੱਚ ਬਹੁਤ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। -ਪੀਟੀਆਈ