ਸ੍ਰੀਨਗਰ, 13 ਜੁਲਾਈ
ਪ੍ਰਸ਼ਾਸਨ ਨੇ ਅੱਜ ਸ੍ਰੀਨਗਰ ਦੇ ਪੁਰਾਣੇ ਸ਼ਹਿਰੀ ਇਲਾਕੇ ਵਿਚ ਸਥਿਤ ਸ਼ਹੀਦਾਂ ਦੇ ਕਬਰਿਸਤਾਨ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ। ਦੱਸਣਯੋਗ ਹੈ ਕਿ ਇੱਥੇ 13 ਜੁਲਾਈ, 1931 ਵਿਚ ਮਾਰੇ ਗਏ ਉਨ੍ਹਾਂ 22 ਜਣਿਆਂ ਨੂੰ ਦਫ਼ਨਾਇਆ ਗਿਆ ਹੈ ਜੋ ਜੰਮੂ ਕਸ਼ਮੀਰ ਵਿਚ ਤਾਨਾਸ਼ਾਹ ਸ਼ਾਸਕਾਂ ਦਾ ਵਿਰੋਧ ਕਰ ਰਹੇ ਸਨ। ਡੋਗਰਾ ਫ਼ੌਜ ਨਾਲ ਹੋਏ ਟਕਰਾਅ ਵਿਚ ਇਨ੍ਹਾਂ ਦੀ ਮੌਤ ਹੋ ਗਈ ਸੀ। ਅਧਿਕਾਰੀਆਂ ਮੁਤਾਬਕ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ ਤੇ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਜ਼ਿਕਰਯੋਗ ਹੈ ਕਿ ਐਨਸੀ ਤੇ ਪੀਡੀਪੀ ਨੇ ਸ੍ਰੀਨਗਰ ਜ਼ਿਲ੍ਹਾ ਪ੍ਰਸ਼ਾਸਨ ਤੋਂ ਕਬਰਿਸਤਾਨ ਜਾਣ ਦੀ ਮਨਜ਼ੂਰੀ ਮੰਗੀ ਸੀ ਤਾਂ ਕਿ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਸਕੇ। ਪਰ ਪ੍ਰਸ਼ਾਸਨ ਨੇ ਇਸ ਦੀ ਮਨਜ਼ੂਰੀ ਨਹੀਂ ਦਿੱਤੀ। ਨੈਸ਼ਨਲ ਕਾਨਫਰੰਸ ਤੇ ਪੀਡੀਪੀ ਨੇ ਪ੍ਰਸ਼ਾਸਨ ਦੇ ਰਵੱਈਏ ਦੀ ਨਿਖੇਧੀ ਕੀਤੀ ਹੈ। ਐਨਸੀ ਤੇ ਪੀਡੀਪੀ ਨੇ ਅੱਜ ਟਵਿੱਟਰ ਰਾਹੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। -ਪੀਟੀਆਈ
ਕਸ਼ਮੀਰੀ ਪੰਡਿਤਾਂ ਨੇ ਕਾਲਾ ਦਿਵਸ ਮਨਾਇਆ
ਜੰਮੂ: ਹਿਜ਼ਰਤ ਦਾ ਸ਼ਿਕਾਰ ਹੋਏ ਕਸ਼ਮੀਰੀ ਪੰਡਿਤਾਂ ਦੀ ਨੁਮਾਇੰਦਿਗੀ ਕਰਦੀਆਂ ਜਥੇਬੰਦੀਆਂ ਨੇ ਅੱਜ 13 ਜੁਲਾਈ ਨੂੰ ਕਾਲੇ ਦਿਵਸ ਵਜੋਂ ਮਨਾਇਆ ਤੇ ਜੰਮੂ ’ਚ ਰੋਸ ਮੁਜ਼ਾਹਰਾ ਕੀਤਾ ਜਦਕਿ ਸਿਆਸੀ ਪਾਰਟੀਆਂ ਨੇ ਕਸ਼ਮੀਰ ’ਚ ਅੱਜ ਦਾ ਦਿਨ ਸ਼ਹੀਦੀ ਦਿਹਾੜੇ ਵਜੋਂ ਮਨਾਇਆ। ਰੋਸ ਪ੍ਰਗਟਾ ਰਹੇ ਕਸ਼ਮੀਰੀ ਪੰਡਿਤਾਂ ਨੇ ਕਿਹਾ ਕਿ ਉਹ ਕਾਲਾ ਦਿਵਸ ਮਨਾ ਰਹੇ ਹਨ ਕਿਉਂਕਿ 1931 ’ਚ ਅੱਜ ਦੇ ਦਿਨ ਹੀ ਕਸ਼ਮੀਰ ’ਚ ਹਿੰਦੂ ਘੱਟ ਗਿਣਤੀ ਭਾਈਚਾਰੇ ਨੂੰ ਅੱਗਜ਼ਨੀ, ਲੁੱਟ ਤੇ ਫਿਰਕੂ ਹਿੰਸਾ ਦਾ ਸ਼ਿਕਾਰ ਹੋਣਾ ਪਿਆ ਸੀ। 13 ਜੁਲਾਈ ਨੂੰ ਕਸ਼ਮੀਰ ’ਚ ਸ਼ਹੀਦੀ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ ਕਿਉਂਕਿ 1931 ’ਚ ਇਸ ਦਿਨ ਡੋਗਰਾ ਸ਼ਾਸਕ ਮਹਾਰਾਜਾ ਹਰੀ ਸਿੰਘ ਦੀਆਂ ਫੌਜਾਂ ਦੀ ਗੋਲੀ ਨਾਲ 22 ਮੌਤਾਂ ਹੋ ਗਈਆਂ ਸਨ। ਕਸ਼ਮੀਰੀ ਪੰਡਿਤਾਂ ਦੀਆਂ ਜਥੇਬੰਦੀਆਂ ਨੇ ਆਲ ਸਟੇਟ ਕਸ਼ਮੀਰ ਪੰਡਿਤ ਕਾਨਫਰੰਸ, ਪੁੰਨਨ ਕਸ਼ਮੀਰ, ਆਲ ਪਾਰਟੀ ਮਾਈਗਰੈਂਟ ਕੋਆਰਡੀਨੇਸ਼ਨ ਕਮੇਟੀ ਸਮੇਤ ਕਈ ਥਾਵਾਂ ’ਤੇ ਰੋਸ ਮੁਜ਼ਾਹਰੇ ਕੀਤੀ। -ਪੀਟੀਆਈ