ਬਰੇਲੀ, 11 ਜੁਲਾਈ
ਮੁੱਖ ਅੰਸ਼
- ਪੁਲੀਸ ਮੁਤਾਬਕ ਬਕਰੀਦ ਮੌਕੇ ਮਾਹੌਲ ਵਿਗਾੜਨ ਦੀ ਕੋਸ਼ਿਸ਼
- ਸ਼ਹਿਰ ’ਚ ਪੁਲੀਸ ਤੇ ਨੀਮ ਫ਼ੌਜੀ ਬਲ ਤਾਇਨਾਤ
ਇੱਥੋਂ ਦੇ ਇਕ ਗੁਰਦੁਆਰਾ ਕੰਪਲੈਕਸ ਦੇ ਅੰਦਰ ਕਥਿਤ ਤੌਰ ’ਤੇ ਮਾਸ (ਮੀਟ) ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ ਹੈ। ਐੱਸਐੱਸਪੀ ਸਿਧਾਰਥ ਅਨਿਰੁਧ ਪੰਕਜ ਨੇ ਕਿਹਾ ਕਿ ਘਟਨਾ ਐਤਵਾਰ ਰਾਤ ਇੱਥੇ ਕੋਹਦਾਪੀਰ ਇਲਾਕੇ ਵਿਚ ਵਾਪਰੀ ਹੈ। ਜ਼ਿਲ੍ਹਾ ਪੁਲੀਸ ਮੁਖੀ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਐਤਵਾਰ ਰਾਤ ਉਦੋਂ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕੀਤੀ ਹੈ ਜਦੋਂ ਬਕਰੀਦ ਮੌਕੇ ਮੁਸਲਿਮ ਭਾਈਚਾਰਾ ਜਸ਼ਨ ਮਨਾ ਰਿਹਾ ਸੀ। ਹਾਲਾਂਕਿ ਉਨ੍ਹਾਂ ਨਾਲ ਹੀ ਕਿਹਾ ਕਿ ਸਥਿਤੀ ਕਾਬੂ ਹੇਠ ਹੈ। ਪੁਲੀਸ ਨੇ ਦੱਸਿਆ ਕਿ ਮੀਟ ਬਰਾਮਦ ਹੋਣ ਤੋਂ ਬਾਅਦ ਵੱਡੀ ਗਿਣਤੀ ਵਿਚ ਲੋਕ ਘਟਨਾ ਸਥਾਨ ’ਤੇ ਇਕੱਠੇ ਹੋ ਗਏ। ਸੂਚਨਾ ਮਿਲਣ ’ਤੇ ਪੁਲੀਸ ਨੂੰ ਉੱਥੇ ਭੇਜਿਆ ਗਿਆ। ਗੁਰਦੁਆਰੇ ਵਿਚ ਲੱਗੇ ਸੀਸੀਟੀਵੀ ਦੀ ਫੁਟੇਜ ਜਾਂਚਣ ਤੋਂ ਬਾਅਦ ਪੁਲੀਸ ਨੇ ਦੱਸਿਆ ਕਿ ਮੀਟ ਡਿੱਗਦਾ ਤਾਂ ਦਿਖਾਈ ਦੇ ਰਿਹਾ ਹੈ ਪਰ ਇਸ ਨੂੰ ਸੁੱਟਣ ਵਾਲੇ ਨਜ਼ਰ ਨਹੀਂ ਆਏ। ਗੁਰਦੁਆਰੇ ਦੇ ਪ੍ਰਧਾਨ ਹਰਵੰਤ ਪਾਲ ਸਿੰਘ ਬੇਦੀ ਦੀ ਸ਼ਿਕਾਇਤ ਉਤੇ ਕੇਸ ਦਰਜ ਕਰ ਲਿਆ ਗਿਆ ਹੈ। ਪੁਲੀਸ ਨੇ ਕਿਹਾ ਕਿ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੱਡੀ ਗਿਣਤੀ ਵਿਚ ਪੁਲੀਸ ਤੇ ਨੀਮ ਫ਼ੌਜੀ ਬਲਾਂ ਨੂੰ ਸ਼ਹਿਰ ਦੇ ਸੰਵੇਦਨਸ਼ੀਲ ਇਲਾਕਿਆਂ ਵਿਚ ਤਾਇਨਾਤ ਕੀਤਾ ਗਿਆ ਹੈ। ਪੁਲੀਸ ਪੂਰੇ ਸ਼ਹਿਰ ਵਿਚ ਗਸ਼ਤ ਕਰ ਰਹੀ ਹੈ। ਇਸੇ ਦੌਰਾਨ ਸਿੱਖ ਦੁਕਾਨਦਾਰਾਂ ਨੇ ਅੱਜ ਘਟਨਾ ਖ਼ਿਲਾਫ਼ ਰੋਸ ਵਜੋਂ ਆਪਣੀਆਂ ਦੁਕਾਨਾਂ ਦੇ ਸ਼ਟਰ ਬੰਦ ਰੱਖੇ। -ਪੀਟੀਆਈ