ਨਵੀਂ ਦਿੱਲੀ, 1 ਫਰਵਰੀ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਵਿੱਤੀ ਸਾਲ 2020-21 ਦਾ ਬਜਟ ਪੇਸ਼ ਕੀਤੇ ਜਾਣ ਮਗਰੋਂ ਸ਼ੇਅਰ ਬਾਜ਼ਾਰਾਂ ’ਚ ਭਾਰੀ ਉਛਾਲ ਆਇਆ ਹੈ। ਦੁਪਹਿਰ ਦੇ ਕਾਰੋਬਾਰ ’ਚ ਬੰਬੇ ਸਟਾਕ ਐਕਸਚੇਂਜ ਦੇ 30 ਸ਼ੇਅਰਾਂ ਵਾਲੇ ਸੈਂਸੈਕਸ ’ਚ 2315.84 ਅੰਕਾਂ ਦਾ ਵਾਧਾ ਹੋਇਆ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ 14 ਹਜ਼ਾਰ ਅੰਕਾਂ ਦੇ ਪੱਧਰ ’ਤੇ ਪਹੁੰਚ ਗਿਆ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਬਜਟ ਵਿਕਾਸ ਨੂੰ ਉਤਸ਼ਾਹਿਤ ਕਰਨ ਵਾਲਾ ਹੈ। ਸੈਂਸੈਕਸ ਨੇ ਦਿਨ ਭਰ ਦੇ ਕਾਰੋਬਾਰ ਦੌਰਾਨ 48,764.40 ਅੰਕਾਂ ਦਾ ਉਪਰਲਾ ਪੱਧਰ ਵੀ ਛੂਹਿਆ। ਸੈਂਸੈਕਸ ਦਿਨ ਦਾ ਕਾਰੋਬਾਰ ਖਤਮ ਹੋਣ ਮੌਕੇ 2315.84 ਅੰਕਾਂ ਦੇ ਵਾਧੇ ਨਾਲ 48,600.61 ’ਤੇ ਬੰਦ ਹੋਇਆ। ਦੂਜੇ ਪਾਸੇ ਨਿਫ਼ਟੀ ਵੀ 646.60 ਅੰਕਾਂ ਦੇ ਵਾਧੇ ਨਾਲ 14,281 ਅੰਕਾਂ ’ਤੇ ਬੰਦ ਹੋਇਆ। -ਏਜੰਸੀ