ਨਵੀਂ ਦਿੱਲੀ, 20 ਮਈ
ਭਾਜਪਾ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੀਟਿੰਗ ਬਾਰੇ ਟਿੱਪਣੀ ਕਰਨ ’ਤੇ ਘੇਰਿਆ ਹੈ। ਕੇਂਦਰੀ ਮੰਤਰੀ ਰਵੀ ਸ਼ੰੰਕਰ ਪ੍ਰਸਾਦ ਨੇ ਦੋਸ਼ ਲਾਇਆ ਕਿ ਮਮਤਾ ਬੈਨਰਜੀ ਨੇ ਅੱਜ ਦੀ ਮੀਟਿੰਗ ਵਿਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਉਨ੍ਹਾਂ ਨੇ ਅਜਿਹਾ ਪਹਿਲੀ ਵਾਰ ਨਹੀਂ ਕੀਤਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਮਮਤਾ ਜ਼ਿਆਦਾਤਰ ਮੀਟਿੰਗਾਂ ਵਿਚ ਹਿੱਸਾ ਹੀ ਨਹੀਂ ਲੈਂਦੀ ਤੇ ਜੇ ਅੱਜ ਪ੍ਰਧਾਨ ਮੰਤਰੀ ਨੇ ਜ਼ਿਲ੍ਹਾ ਮੈਜਿਸਟਰੇਟਾਂ ਦੇ ਜ਼ਿਲ੍ਹਿਆਂ ਵਿਚ ਕੀਤੇ ਚੰਗੇ ਕੰਮਾਂ ਦੀ ਸ਼ਲਾਘਾ ਕੀਤੀ ਹੈ ਤਾਂ ਇਸ ਵਿਚ ਗਲਤ ਕੀ ਹੈ। ਇਸ ਤੋਂ ਪਹਿਲਾਂ ਮਮਤਾ ਬੈਨਰਜੀ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਾਲ ਮੀਟਿੰਗ ਵਿਚ ਹਰ ਮੁੱਖ ਮੰਤਰੀ ਨੂੰ ਕਠਪੁਤਲੀ ਬਣਾ ਦਿੱਤਾ ਜਾਂਦਾ ਹੈ ਤੇ ਕਿਸੇ ਨੂੰ ਵੀ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਉਨ੍ਹਾਂ ਕਿਹਾ ਕਿ ਜੇ ਮੁੱਖ ਮੰਤਰੀਆਂ ਨੂੰ ਸੂਬੇ ਦੇ ਹਾਲਾਤ ਬਾਰੇ ਬੋਲਣ ਹੀ ਨਹੀਂ ਦੇਣਾ ਤਾਂ ਮੀਟਿੰਗ ਸੱਦਣ ਦਾ ਕੀ ਫਾਇਦਾ।-ਪੀਟੀਆਈ