ਲਖਨਊ: ਬਸਪਾ ਸੁਪਰੀਮੋ ਮਾਇਆਵਤੀ ਨੇ ਸਮਾਜਵਾਦੀ ਪਾਰਟੀ (ਸਪਾ) ਦੇ ਆਗੂ ਅਖਿਲੇਸ਼ ਯਾਦਵ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਹ ਸਿਰਫ਼ ਖ਼ਬਰਾਂ ਵਿੱਚ ਬਣੇ ਰਹਿਣ ਲਈ ਆਪਣੀ ਪਾਰਟੀ ਵਿੱਚ ਦੂਜੀਆਂ ਪਾਰਟੀਆਂ ਤੋਂ ਕੱਢੇ ਹੋਏ ਅਤੇ ਪ੍ਰਭਾਵਹੀਣ ਆਗੂਆਂ ਨੂੰ ਸ਼ਾਮਲ ਕਰ ਰਹੇ ਹਨ। ਦਰਅਸਲ, ਪਿਛਲੇ ਵਰ੍ਹੇ ਬਸਪਾ ਵੱਲੋਂ ਮੁਅੱਤਲ ਕੀਤੇ ਗਏ ਪੰਜ ਵਿਧਾਇਕਾਂ ਵੱਲੋਂ ਮੰਗਲਵਾਰ ਨੂੰ ਸਪਾ ਮੁਖੀ ਨਾਲ ਮੁਲਾਕਾਤ ਕੀਤੀ ਗਈ ਸੀ ਜਿਸ ਮਗਰੋਂ ਉਨ੍ਹਾਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਸਬੰਧੀ ਕਿਆਸਰਾਈਆਂ ਲਾਈਆਂ ਜਾ ਰਹੀਆਂ ਸਨ। ਅੱਜ ਲਗਾਤਾਰ ਦੂਜੇ ਦਿਨ ਉਨ੍ਹਾਂ ਸ੍ਰੀ ਯਾਦਵ ’ਤੇ ਨਿਸ਼ਾਨਾ ਸੇਧਦਿਆਂ ਮਾਇਆਵਤੀ ਨੇ ਟਵਿੱਟਰ ’ਤੇ ਹਿੰਦੀ ਵਿੱਚ ਟਵੀਟ ਕਰਦਿਆਂ ਦੋਸ਼ ਲਾਇਆ ਕਿ ਸ੍ਰੀ ਯਾਦਵ ਨੂੰ ਆਪਣੇ ਸਥਾਨਕ ਆਗੂਆਂ ’ਤੇ ਭਰੋਸਾ ਨਹੀਂ ਹੈ। ਉਨ੍ਹਾਂ ਮੰਨਿਆ ਕਿ ਉਨ੍ਹਾਂ ਦੀ ਪਾਰਟੀ ਸਹੀ ਆਗੂਆਂ ਨੂੰ ਹੀ ਬਸਪਾ ਵਿੱਚ ਸ਼ਾਮਲ ਕਰ ਰਹੀ ਹੈ। -ਪੀਟੀਆਈ