ਭੋਪਾਲ, 16 ਅਕਤੂਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਮੱਧ ਪ੍ਰਦੇਸ਼ ਸਰਕਾਰ ਦੇ ਹਿੰਦੀ ਭਾਸ਼ਾ ਵਿੱਚ ਮੈਡੀਕਲ ਸਿੱਖਿਆ ਪ੍ਰਦਾਨ ਕਰਨ ਦੇ ਪ੍ਰਾਜੈਕਟ ਦੇ ਹਿੱਸੇ ਵਜੋਂ ਐੱਮਬੀਬੀਐੱਸ ਦੇ ਵਿਦਿਆਰਥੀਆਂ ਲਈ ਤਿੰਨ ਵਿਸ਼ਿਆਂ ਦੀਆਂ ਹਿੰਦੀ ਵਿੱਚ ਪਾਠ ਪੁਸਤਕਾਂ ਜਾਰੀ ਕੀਤੀਆਂ। ਮੈਡੀਕਲ ਸਿੱਖਿਆ ਮੰਤਰੀ ਵਿਸ਼ਵਾਸ ਸਾਰੰਗ ਨੇ ਦੱਸਿਆ ਕਿ 97 ਡਾਕਟਰਾਂ ਦੀ ਟੀਮ ਨੇ ਪ੍ਰਸਿੱਧ ਅੰਗਰੇਜ਼ੀ ਕਿਤਾਬਾਂ ਦਾ ਹਿੰਦੀ ਵਿੱਚ ਅਨੁਵਾਦ ਕੀਤਾ ਹੈ। ਇਸ ਨੂੰ ਇਤਿਹਾਸ ਦਾ ਅਹਿਮ ਦਿਨ ਕਰਾਰ ਦਿੰਦਿਆਂ ਸ਼ਾਹ ਨੇ ਕਿਹਾ ਕਿ ਮੱਧ ਪ੍ਰਦੇਸ਼ ਹਿੰਦੀ ਵਿੱਚ ਐੱਮਬੀਬੀਐੱਸ (ਬੈਚਲਰ ਆਫ ਮੈਡੀਸਿਨ ਐਂਡ ਬੈਚਲਰ ਆਫ ਸਰਜਰੀ) ਕੋਰਸ ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ।
ਐਨਾਟੋਮੀ, ਫਿਜ਼ੀਓਲੋਜੀ ਅਤੇ ਬਾਇਓਕੈਮਿਸਟਰੀ ਦੀਆਂ ਹਿੰਦੀ ਵਿੱਚ ਪਾਠ ਪੁਸਤਕਾਂ ਜਾਰੀ ਕਰਨ ਮਗਰੋਂ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਪੂਰੀ ਦੁਨੀਆ ਨੂੰ ਸੰਦੇਸ਼ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਲਮੀ ਮੰਚਾਂ ’ਤੇ ਹਿੰਦੀ ’ਚ ਸੰਬੋਧਨ ਕਰਦੇ ਹਨ। ਇਸ ਨਾਲ ਦੇਸ਼ ਭਰ ਦੇ ਨੌਜਵਾਨਾਂ ਦਾ ਆਤਮ-ਵਿਸ਼ਵਾਸ ਵਧਦਾ ਹੈ। ਉਨ੍ਹਾਂ ਕਿਹਾ ਕਿ ਅੱਜ ਮੱਧ ਪ੍ਰਦੇਸ਼ ਸਰਕਾਰ ਨੇ ਹਿੰਦੀ ’ਚ ਮੈਡੀਕਲ ਦੀ ਪੜ੍ਹਾਈ ਸ਼ੁਰੂ ਕਰ ਕੇ ਪ੍ਰਧਾਨ ਮੰਤਰੀ ਮੋਦੀ ਦੇ ਸੰਕਲਪ ਨੂੰ ਪੂਰਾ ਕੀਤਾ ਹੈ। ਹਿੰਦੀ ਵਿੱਚ ਐੱਮਬੀਬੀਐੱਸ ਨੂੰ ਕੌਮੀ ਸਿੱਖਿਆ ਨੀਤੀ ਦੇ ਹਿੱਸੇ ਵਜੋਂ ਸ਼ੁਰੂ ਕੀਤੀ ਗਿਆ। ਜਲਦੀ ਹੀ ਇਹ ਕੋਰਸ ਹੋਰ ਭਾਸ਼ਾਵਾਂ ਵਿੱਚ ਵੀ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਮੌਕੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੀ ਹਾਜ਼ਰ ਸਨ। -ਪੀਟੀਆਈ
ਲੱਖਾਂ ਵਿਦਿਆਰਥੀਆਂ ਲਈ ਨਵੇਂ ਰਾਹ ਖੁੱਲ੍ਹਣਗੇ: ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਹਿੰਦੀ ਵਿੱਚ ਮੈਡੀਕਲ ਸਿੱਖਿਆ ਦੀ ਸ਼ੁਰੂਆਤ ਨਾਲ ਦੇਸ਼ ਵਿੱਚ ਵੱਡਾ ਸਕਾਰਾਤਮਕ ਬਦਲਾਅ ਆਵੇਗਾ। ਉਨ੍ਹਾਂ ਕਿਹਾ ਕਿ ਲੱਖਾਂ ਵਿਦਿਆਰਥੀ ਆਪਣੀ ਭਾਸ਼ਾ ਵਿੱਚ ਪੜ੍ਹਾਈ ਕਰ ਸਕਣਗੇ ਅਤੇ ਉਨ੍ਹਾਂ ਲਈ ਕਈ ਨਵੇਂ ਰਾਹ ਖੁੱਲ੍ਹਣਗੇ।
ਸ਼ਾਹ ਨੇ ਗਵਾਲੀਅਰ ਹਵਾਈ ਅੱਡੇ ’ਤੇ ਨਵੇਂ ਟਰਮੀਨਲ ਦਾ ਨੀਂਹ ਪੱਥਰ ਰੱਖਿਆ
ਗਵਾਲੀਅਰ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਰਾਜਮਾਤਾ ਵਿਜੇਰਾਜੇ ਸਿੰਧੀਆ ਹਵਾਈ ਅੱਡੇ ’ਤੇ ਨਵੇਂ ਟਰਮੀਨਲ ਦਾ ਨੀਂਹ ਪੱਥਰ ਰੱਖਿਆ। ਇਸ ਸਬੰਧੀ ਇਕ ਅਧਿਕਾਰੀ ਨੇ ਦੱਸਿਆ ਕਿ ਇਮਾਰਤ ਦੀ ਉਸਾਰੀ ’ਤੇ 446 ਕਰੋੜ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਕਿਹਾ ਕਿ ਇਸ ਨਿਰਮਾਣ ਮਗਰੋਂ ਟਰਮੀਨਲ ਦੀ ਇਮਾਰਤ ਦਾ ਖੇਤਰਫਲ ਮੌਜੂਦਾ 3,500 ਵਰਗ ਮੀਟਰ ਤੋਂ ਵਧ ਕੇ 20,000 ਵਰਗ ਮੀਟਰ ਹੋ ਜਾਵੇਗਾ। ਇਸੇ ਤਰ੍ਹਾਂ ਵਿਸਥਾਰ ਤੋਂ ਬਾਅਦ ਜਹਾਜ਼ ਖੜ੍ਹੇ ਕਰਨ ਦੀ ਸਮਰੱਥਾ ਤਿੰਨ ਤੋਂ ਵਧ ਕੇ 13 ਹੋ ਜਾਵੇਗੀ। ਇਸ ਮੌਕੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਦਿੱਤਿਆ ਸਿੰਧੀਆ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵੀ ਮੌਜੂਦ ਸਨ। -ਪੀਟੀਆਈ