ਨਵੀਂ ਦਿੱਲੀ, 21 ਜਨਵਰੀ
ਸਾਬਕਾ ਕੇਂਦਰੀ ਮੰਤਰੀ ਐੱਮ.ਜੇ. ਅਕਬਰ ਨੇ ਅੱਜ ਦਿੱਲੀ ਦੀ ਇਕ ਅਦਾਲਤ ਨੂੰ ਦੱਸਿਆ ਕਿ ਪੱਤਰਕਾਰ ਪ੍ਰਿਯਾ ਰਮਾਨੀ ਵੱਲੋਂ ਉਸ ਦਾ ਟਵਿੱਟਰ ਅਕਾਊਂਟ ਡਿਲੀਟ ਕੀਤੇ ਜਾਣ ਕਰ ਕੇ ਉਸ ਖ਼ਿਲਾਫ਼ ਇਕ ਹੋਰ ਮਾਮਲਾ ਬਣ ਸਕਦਾ ਹੈ, ਕਿਉਂਕਿ ਉਸ ਦਾ ਟਵਿੱਟਰ ਅਕਾਊਂਟ ਹੀ ਮੁੱਖ ਸਬੂਤ ਸੀ। ਇਹ ਗੱਲ ਅਕਬਰ ਨੇ ਐਡੀਸ਼ਨਲ ਮੈਟਰੋਪੋਲਿਟਨ ਮੈਜਿਸਟਰੇਟ ਰਵਿੰਦਰ ਕੁਮਾਰ ਦੀ ਅਦਾਲਤ ’ਚ ਸੀਨੀਅਰ ਵਕੀਲ ਐਡਵੋਕੇਟ ਗੀਤਾ ਲੂਥਰਾ ਰਾਹੀਂ ਕਹੀ। ਉਹ ਉਨ੍ਹਾਂ ਵੱਲੋਂ ਪੱਤਰਕਾਰ ਪ੍ਰਿਯਾ ਰਮਾਨੀ ਖ਼ਿਲਾਫ਼ ਪਾਈ ਗਈ ਇਕ ਅਪਰਾਧਿਕ ਸ਼ਿਕਾਇਤ ਦੀ ਸੁਣਵਾਈ ਦੌਰਾਨ ਬੋਲ ਰਹੇ ਸਨ। ਉਨ੍ਹਾਂ ਦੋਸ਼ ਲਾਇਆ ਸੀ ਕਿ ਰਮਾਨੀ ਨੇ ਉਨ੍ਹਾਂ ਨੂੰ ਬਦਨਾਮ ਕਰਨ ਲਈ ਉਨ੍ਹਾਂ ਉੱਪਰ ਜਿਨਸੀ ਛੇੜਛਾੜ ਦੇ ਝੂਠੇ ਦੋਸ਼ ਲਗਾਏ। ਜ਼ਿਕਰਯੋਗ ਹੈ ਕਿ 2018 ਵਿੱਚ ਚੱਲ ਮੀ ਟੂ ਮੁਹਿੰਮ ਦੌਰਾਨ ਰਮਾਨੀ ਨੇ ਅਕਬਰ ਖ਼ਿਲਾਫ਼ ਜਿਨਸੀ ਛੇੜਛਾੜ ਦੇ ਦੋਸ਼ ਲਗਾਏ ਸਨ।
ਐਡਵੋਕੇਟ ਲੂਥਰਾ ਨੇ ਅਦਾਲਤ ਨੂੰ ਦੱਸਿਆ ਕਿ ਰਮਾਨੀ ਨੇ ਸਾਰੇ ਟਵੀਟਾਂ ਸਮੇਤ ਜਾਣਬੁੱਝ ਕੇ ਆਪਣਾ ਟਵਿੱਟਰ ਅਕਾਊਂਟ ਡਿਲੀਟ ਕਰ ਦਿੱਤਾ ਹੈ ਤਾਂ ਜੋ ਨਿਆਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ, ‘‘ਇਹ ਕਹਿਣਾ ਕਿ ਅਦਾਲਤ ਨੇ ਮੈਨੂੰ ਇਸ ਟਵਿੱਟਰ ਅਕਾਊਂਟ ਨੂੰ ਸੁਰੱਖਿਅਤ ਰੱਖਣ ਲਈ ਨਹੀਂ ਕਿਹਾ ਸੀ ਇਸ ਵਾਸਤੇ ਮੈਂ ਇਹ ਡਿਲੀਟ ਕਰ ਦਿੱਤਾ, ਕਾਫੀ ਹੈਰਾਨੀ ਵਾਲੀ ਦਲੀਲ ਹੈ। ਕੋਈ ਇਹ ਦਲੀਲ ਦੇ ਕੇ ਕਿਵੇਂ ਬਚ ਸਕਦਾ ਹੈ?’’
ਲੂਥਰਾ ਨੇ ਕਿਹਾ, ‘‘ਉਹ ਜਾਣਦੀ ਹੈ ਕਿ ਉਸ ਖ਼ਿਲਾਫ਼ ਇਕ ਅਪਰਾਧਿਕ ਸ਼ਿਕਾਇਤ ਪੈਂਡਿੰਗ ਹੈ। ਇਹ ਸਾਰੇ ਟਵੀਟ ਇਸ ਮਾਮਲੇ ਵਿਚ ਮੁੱਖ ਸਬੂਤ ਸਨ। ਕੀ ਉਹ ਸਬੂਤਾਂ ਨੂੰ ਖ਼ਤਮ ਕਰ ਸਕਦੀ ਹੈ? ਅਜਿਹਾ ਕਰਨ ’ਤੇ ਉਸ ਖ਼ਿਲਾਫ਼ ਇਕ ਹੋਰ ਅਪਰਾਧਿਕ ਮਾਮਲਾ ਬਣ ਸਕਦਾ ਹੈ।’’ ਅਦਾਲਤ ਨੇ ਪੁੱਛਿਆ ਕਿ ਅਕਾਊਂਟ ਪੁੱਛਗਿਛ ਤੋਂ ਪਹਿਲਾਂ ਡਿਲੀਟ ਕੀਤਾ ਗਿਆ ਸੀ, ਤਾਂ ਲੁਥਰਾ ਨੇ ਹਾਂ ਵਿੱਚ ਜਵਾਬ ਦਿੱਤਾ।
ਵਕੀਲ ਨੇ ਕਿਹਾ, ‘‘ਮੈਂ ਉਸ ਕੋਲੋਂ ਸਵਾਲ-ਜਵਾਬ ਕਰਨਾ ਚਾਹੁੰਦੀ ਹਾਂ। ਇਹ ਸਭ ਸਬੂਤਾਂ ਨੂੰ ਖ਼ਤਮ ਕਰਨਾ ਹੈ। ਮੰਨ ਲਓ ਜੇਕਰ ਅਦਾਲਤ ਸਬੂਤ ਦੇਖਣਾ ਚਾਹੁੰਦੀ ਹੈ। ਸੱਚ ਇਹ ਹੈ ਕਿ ਨਿਆਂ ਨੂੰ ਪ੍ਰਭਾਵਿਤ ਕਰਨ ਲਈ ਇਹ ਸਭ ਕੁਝ ਜਾਣਬੁੱਝ ਕੇ ਕੀਤਾ ਗਿਆ।’’ ਇਸ ’ਤੇ ਜੱਜ ਨੇ ਪੁੱਛਿਆ ਕਿ ਕੀ ਅਕਬਰ ਨੇ ਸਬੂਤਾਂ ਨੂੰ ਮਿਟਾਉਣ ਸਬੰਧੀ ਕੋਈ ਸ਼ਿਕਾਇਤ ਦਰਜ ਕਰਵਾਈ? ਲੂਥਰਾ ਨੇ ਜਵਾਬ ਦਿੱਤਾ, ‘‘ਅਸੀਂ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ ਪਰ ਅਸੀਂ ਚਾਹੁੰਦੇ ਹਾਂ ਕਿ ਅਦਾਲਤ ਇਸ ਦਾ ਨੋਟਿਸ ਲਵੇ ਕਿਉਂਕਿ ਅਸੀਂ ਇਹ ਗੱਲ ਅਦਾਲਤ ਦੇ ਨੋਟਿਸ ਵਿੱਚ ਲੈ ਕੇ ਆਏ ਹਾਂ।’’ ਅਦਾਲਤ ਵੱਲੋਂ ਮਾਮਲੇ ’ਤੇ ਅਗਲੇ ਸੁਣਵਾਈ 23 ਜਨਵਰੀ ਨੂੰ ਕੀਤੀ ਜਾਵੇਗੀ। -ਪੀਟੀਆਈ