ਨਵੀਂ ਦਿੱਲੀ, 21 ਜਨਵਰੀ
26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨਾਂ ਵੱਲੋਂ ਪ੍ਰਸਤਾਵਿਤ ਟਰੈਕਟਰ ਰੈਲੀ ਬਾਰੇ ਦਿੱਲੀ ਪੁਲੀਸ ਅਤੇ ਕਿਸਾਨ ਯੂਨੀਅਨਾਂ ਦਰਮਿਆਨ ਮੀਟਿੰਗ ਸਮਾਪਤ ਹੋ ਗਈ ਹੈ ਤੇ ਪੁਲੀਸ ਨੇ ਕਿਸਾਨਾਂ ਨੂੰ ਸਾਫ਼ ਕਹਿ ਦਿੱਤਾ ਹੈ ਕਿ ਉਹ ਬਾਹਰੀ ਰਿੰਗ ਰੋਡ ’ਤੇ ਟਰੈਕਟਰ ਪਰੇਡ ਦੀ ਇਜਾਜ਼ਤ ਨਹੀਂ ਦੇ ਸਕਦੀ। ਪਰ ਉਹ ਕੇਐੱਮਪੀ ਹਾਈਵੇ ‘ਤੇ ਪਰੇਡ ਕਰ ਸਕਦੇ ਹਨ। ਦੂਜੇ ਪਾਸੇ ਕਿਸਾਨਾਂ ਨੇ ਰਿੰਗ ਰੋਡ ’ਤੇ ਪਰੇਡ ਲਈ ਬਜ਼ਿੱਦ ਹਨ। ਦਿੱਲੀ ਦੇ ਜੁਆਇੰਟ ਪੁਲੀਸ ਕਮਿਸ਼ਨਰ (ਉੱਤਰੀ ਰੇਂਜ) ਐੱਸਐੱਸ ਯਾਦਵ ਨੇ ਬੈਠਕ ਦਾ ਸੰਚਾਲਨ ਕੀਤਾ। ਮੀਟਿੰਗ ਸਿੰਘੂ ਸਰਹੱਦ ਦੇ ਨਜ਼ਦੀਕ ਮੰਤਰਮ ਰਿਜ਼ੋਰਟ ਵਿਖੇ ਹੋਈ। ਇਸੇ ਤਰ੍ਹਾਂ ਦੀ ਮੀਟਿੰਗ ਬੁੱਧਵਾਰ ਨੂੰ ਯੂਨੀਅਨ ਦੇ ਨੇਤਾਵਾਂ ਅਤੇ ਦਿੱਲੀ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਪੁਲੀਸ ਦੇ ਅਧਿਕਾਰੀਆਂ ਵਿਚਕਾਰ ਵਿਗਿਆਨ ਭਵਨ ਵਿਖੇ ਹੋਈ ਸੀ। ਸੂਤਰਾਂ ਨੇ ਦੱਸਿਆ ਕਿ ਕਿਸਾਨ ਯੂਨੀਅਨਾਂ ਨੇ ਪੁਲੀਸ ਅਫਸਰਾਂ ਵੱਲੋਂ ਦਿੱਲੀ ਦੀ ਬਾਹਰੀ ਰਿੰਗ ਰੋਡ ਦੀ ਬਜਾਏ ਕੁੰਡਲੀ-ਮਨੇਸਰ-ਪਲਵਲ ਐਕਸਪ੍ਰੈਸ ਵੇਅ ’ਤੇ ਰੈਲੀ ਕਰਨ ਦੇ ਸੁਝਾਅ ਨੂੰ ਰੱਦ ਕਰ ਦਿੱਤਾ ਸੀ।