ਨਵੀਂ ਦਿੱਲੀ, 13 ਨਵੰਬਰ
ਕ੍ਰਿਪਟੋਕਰੰਸੀ ਨਿਵੇਸ਼ ਤੋਂ ਵੱਡੇ ਮੁਨਾਫ਼ੇ ਦੇ ਗੁੰਮਰਾਹਕੁਨ ਦਾਅਵਿਆਂ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਸ ਮੁੱਦੇ ’ਤੇ ਭਵਿੱਖੀ ਰਣਨੀਤੀ ਘੜਨ ਲਈ ਹੋਈ ਮੀਟਿੰਗ ਦੀ ਪ੍ਰਧਾਨਗੀ ਕੀਤੀ। ਸਰਕਾਰ ਵਿਚਲੇ ਸੂਤਰਾਂ ਨੇ ਕਿਹਾ ਕਿ ਮੀਟਿੰਗ ਦੌਰਾਨ ਇਸ ਗੱਲ ’ਤੇ ਖਾਸ ਤਵੱਜੋ ਦਿੱਤੀ ਗਈ ਕਿ ਅਜਿਹੀਆਂ ਬੇਲਗਾਮ ਮਾਰਕੀਟਾਂ ਨੂੰ ‘ਮਨੀ ਲਾਂਡਰਿੰਗ ਤੇ ਅਤਿਵਾਦ ਨੂੰ ਫੰਡਿੰਗ’ ਦੇ ਸਰੋਤ ਬਣਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਮੀਟਿੰਗ ’ਚ ਇਸ ਗੱਲ ਦੀ ਲੋੜ ਵੀ ਮਹਿਸੂਸ ਕੀਤੀ ਗਈ ਕਿ ਨੌਜਵਾਨਾਂ ਨੂੰ ਝੂਠੇ ਵਾਅਦਿਆਂ ਤੇ ਲੁਕਵੀਂ ਇਸ਼ਤਿਹਾਰਬਾਜ਼ੀ ਜ਼ਰੀਏ ਕੁਰਾਹੇ ਪਾਉਣ ਦੇ ਯਤਨਾਂ ’ਤੇ ਰੋਕ ਲੱਗੇ। ਸੁੂਤਰਾਂ ਨੇ ਕਿਹਾ ਕਿ ਕ੍ਰਿਪਟੋਕਰੰਸੀ ਦੇ ਮਕੜ ਜਾਲ ਵਿਚ ਫਸਣ ਤੋਂ ਰੋਕਣ ਲਈ ਜਲਦੀ ਹੀ ਸਰਕਾਰ ਵੱਲੋਂ ਮਜ਼ਬੂਤ ਤੇ ਢੁੱਕਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ। -ਪੀਟੀਆਈ