ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਨਵੰਬਰ
ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਸਤਨਾਮ ਸਿੰਘ ਬਹਿਰੂ ਦੀ ਅਗਵਾਈ ਹੇਠ ਅੱਜ ਸਿੰਘੂ ਬਾਰਡਰ ’ਤੇ ਮੀਟਿੰਗ ਹੋਈ ਜਿਸ ਵਿੱਚ ਪੰਜਾਬ ਦੇ ਅਹੁਦੇਦਾਰਾਂ ਤੋਂ ਇਲਾਵਾ ਜ਼ਿਲ੍ਹਿਆਂ ਦੇ ਪ੍ਰਧਾਨ ਅਤੇ ਬਾਲਕ ਪ੍ਰਧਾਨ ਤੇ ਸਰਗਰਮ ਵਰਕਰ ਸ਼ਾਮਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬਹਿਰੂ ਨੇ ਪਿਛਲੇ ਲੰਮੇ ਸਮੇਂ ਤੋਂ ਦਿੱਲੀ ਦੀਆਂ ਵੱਖ ਵੱਖ ਹੱਦਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 26 ਨੰਵਬਰ ਨੂੰ ਦਿੱਲੀ ਦੇ ਸਾਰੇ ਬਾਰਡਰਾਂ ’ਤੇ ਵੱਡੀਆਂ ਕਿਸਾਨ ਰੈਲੀਆਂ ਕੀਤੀਆਂ ਜਾਣਗੀਆਂ ਅਤੇ 29 ਨੰਵਬਰ ਨੂੰ ਟਿਕਰੀ ਬਾਰਡਰ ਤੋਂ 500 ਕਿਸਾਨਾਂ ਦਾ ਇੱਕ ਜਥਾ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਸੰਸਦ ਵੱਲ ਕੂਚ ਕਰੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਸੰਸਦ ਦਾ 29 ਨੰਵਬਰ ਨੂੰ ਸਰਦ ਰੁੱਤ ਇਜਲਾਸ ਸ਼ੁਰੂ ਹੋ ਰਿਹਾ ਹੈ ਅਤੇ ਜਿੰਨਾਂ ਸਮਾਂ ਸੰਸਦ ਦਾ ਸੈਸ਼ਨ ਚੱਲੇਗਾ ਉਦੋਂ ਤੱਕ ਰੋਜ਼ਾਨਾ 500-500 ਕਿਸਾਨਾਂ ਦਾ ਜਥਾ ਟਰੈਕਟਰਾਂ ਟਾਰਲੀਆਂ ਰਾਹੀਂ ਸੰਸਦ ਵੱਲ ਕੂਚ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਇੱਕ ਸਾਲ ਤੋਂ ਸ਼ਾਂਤਮਈ ਅੰਦੋਲਨ ਚੱਲ ਰਿਹਾ ਹੈ ਉਸੇ ਤਰ੍ਹਾਂ ਹੀ ਕਿਸਾਨਾਂ ਦੇ ਜਥੇ ਆਪਣੀਆਂ ਮੰਗਾਂ ਦੇ ਨਾਅਰੇ ਲਾਉਂਦੇ ਮੋਦੀ ਸਰਕਾਰ ਦਾ ਪਿੱਟ ਸਿਆਪਾ ਜਾਰੀ ਰੱਖਣਗੇ। ਮੀਟਿੰਗ ਦੌਰਾਨ ਕਿਸਾਨ ਆਗੂਆਂ ਤੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਕਿ 26 ਨੰਵਬਰ ਨੂੰ ਦਿੱਲੀ ਦੀਆਂ ਵੱਖ ਵੱਖ ਹੱਦਾਂ ’ਤੇ ਹੋ ਰਹੀਆਂ ਵੱਡੀਆਂ ਕਿਸਾਨ ਰੈਲੀਆਂ ਨੂੰ ਕਾਮਯਾਬ ਕਰਨ ਲਈ ਪੰਜਾਬ ਦੇ ਪਿੰਡਾਂ ’ਚੋਂ ਨੌਜਵਾਨ ਕਿਸਾਨਾਂ ਦੇ ਜਥੇ ਸ਼ਾਮਲ ਹੋਣ। ਇਸ ਤੋਂ ਇਲਾਵਾ ਟਿਕਰੀ ਬਾਰਡਰ ਤੋਂ 29 ਨੰਵਬਰ ਨੂੰ ਸੰਸਦ ਵੱਲ 500 ਕਿਸਾਨਾਂ ਦੇ ਜਥਿਆਂ ਵਿੱਚ ਸ਼ਾਮਲ ਹੋਣ ਲਈ ਵੱਖ ਵੱਖ ਜ਼ਿਲ੍ਹਿਆਂ ਦੇ ਜਥਿਆਂ ਦੀ ਸੂਚੀ ਬਣਾ ਲਈ ਗਈ ਹੈ।