ਨਵੀਂ ਦਿੱਲੀ, 14 ਮਾਰਚ
ਭਾਰਤ ਅਤੇ ਪਾਕਿਸਤਾਨ ਦੇ ਸਿੰਧੂ ਕਮਿਸ਼ਨਰਾਂ ਦੀ ਇੱਥੇ 23 ਅਤੇ 24 ਮਾਰਚ ਨੂੰ ਮੀਟਿੰਗ ਹੋਵੇਗੀ ਅਤੇ ਇਸ ਦੌਰਾਨ ਚੇਨਾਬ ਨਦੀ ’ਤੇ ਭਾਰਤ ਦੇ ਹਾਈਡਰੋਪਾਵਰ ਪ੍ਰਾਜੈਕਟਾਂ ਦੇ ਡਿਜ਼ਾਈਨ ਸਬੰਧੀ ਇਸਲਾਮਾਬਾਦ ਦੀਆਂ ਚਿੰਤਾਵਾਂ ਸਮੇਤ ਕਈ ਮੁੱਦਿਆਂ ’ਤੇ ਚਰਚਾ ਹੋਵੇਗੀ। ਇੱਕ ਮੁੱਖ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਥਾਈ ਸਿੰਧੂ ਕਮਿਸ਼ਨ ਦੀ ਸਾਲਾਨਾ ਮੀਟਿੰਗ ਹੋਵੇਗੀ। ਸਿੰਧੂ ਜਲ ਸਮਝੌਤੇ ਦੀਆਂ ਵਿਵਸਥਾਵਾਂ ਤਹਿਤ ਦੋਵਾਂ ਕਮਿਸ਼ਨਰਾਂ ਨੂੰ ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਕ੍ਰਮਵਾਰ ਢੰਗ ਨਾਲ ਭਾਰਤ ਅਤੇ ਪਾਕਿਸਤਾਨ ਵਿੱਚ ਮੀਟਿੰਗ ਕਰਨੀ ਹੁੰਦੀ ਹੈ।
ਭਾਰਤ ਦੇ ਸਿੰਧੂ ਕਮਿਸ਼ਨਰ ਪੀ ਕੇ ਸਕਸੈਨਾ ਨੇ ਦੱਸਿਆ,‘ਇਹ ਮੀਟਿੰਗ 23 ਅਤੇ 24 ਮਾਰਚ ਨੂੰ ਨਵੀਂ ਦਿੱਲੀ ਵਿੱਚ ਹੋਵੇਗੀ।’ ਇਹ ਮੀਟਿੰਗ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਸੰਵਿਧਾਨ ਦੀ ਧਾਰਾ 370 ਦੀਆਂ ਜ਼ਿਆਦਾਤਰ ਵਿਵਸਥਾਵਾਂ ਖਤਮ ਕਰਨ ਅਤੇ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ-ਲੱਦਾਖ ਅਤੇ ਜੰਮੂ ਕਸ਼ਮੀਰ ਵਿੱਚ ਵੰਡਣ ਤੋਂ ਬਾਅਦ ਪਹਿਲੀ ਵਾਰ ਹੋ ਰਹੀ ਹੈ। ਇਸ ਤੋਂ ਬਾਅਦ ਭਾਰਤ ਨੇ ਲੱਦਾਖ ਵਿੱਚ ਕਈ ਹਾਈਡਰੋਪਾਵਰ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ। ਭਾਰਤ ਨੇ ਪਾਕਿਸਤਾਨ ਨੂੰ ਇਨ੍ਹਾਂ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੱਤੀ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਮੀਟਿੰਗ ਦੌਰਾਨ ਇਨ੍ਹਾਂ ’ਤੇ ਚਰਚਾ ਹੋ ਸਕਦੀ ਹੈ। ਇਸ ਤੋਂ ਪਹਿਲਾਂ ਇਹ ਮੀਟਿੰਗ ਮਾਰਚ 2020 ਵਿੱਚ ਹੋਣੀ ਸੀ ਪਰ ਕਰੋਨਾ ਮਹਾਮਾਰੀ ਕਾਰਨ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ। ਸੰਧੀ ’ਤੇ ਦਸਤਖ਼ਤ ਹੋਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਜਦੋਂ ਮੀਟਿੰਗ ਨੂੰ ਰੱਦ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਵਿੱਚ 1960 ਵਿੱਚ ਸਿੰਧੂ ਜਲ ਸਮਝੌਤਾ ਹੋਇਆ ਸੀ।-ਪੀਟੀਆਈ