ਨਵੀਂ ਦਿੱਲੀ, 8 ਅਪਰੈਲ
ਚੀਫ ਜਸਟਿਸ ਐੱਸਏ ਬੋਬੜੇ ਦੀ ਪ੍ਰਧਾਨਗੀ ਵਾਲੇ ਸੁਪਰੀਮ ਕੋਰਟ ਕੌਲਿਜੀਅਮ ਵੱਲੋਂ ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਲਈ ਸੰਭਾਵੀ ਉਮੀਦਵਾਰਾਂ ਬਾਰੇ ਚਰਚਾ ਕਰਨ ਲਈ ਅੱਜ ਨਿਰਧਾਰਤ ਮੀਟਿੰਗ ਹੋਈ ਪਰ ਸੁਪਰੀਮ ਕੋਰਟ ’ਚ ਨਵੇਂ ਜੱਜਾਂ ਦੀ ਨਿਯੁਕਤੀ ਬਾਰੇ ਕੋਈ ਫ਼ੈਸਲਾ ਨਹੀਂ ਕੀਤਾ ਗਿਆ। ਸੂਤਰਾਂ ਨੇ ਦੱਸਿਆ ਕਿ 23 ਅਪਰੈਲ ਨੂੰ ਸੇਵਾਮੁਕਤ ਹੋਣ ਜਾ ਰਹੇ ਚੀਫ ਜਸਟਿਸ ਸਿਖਰਲੀ ਅਦਾਲਤ ਤੇ ਹਾਈ ਕੋਰਟਾਂ ’ਚ ਜੱਜਾਂ ਦੀ ਨਿਯੁਕਤੀ ਬਾਰੇ ਚਰਚਾ ਲਈ ਕੌਲਿਜੀਅਮ ਦੀ ਮੀਟਿੰਗ ਕੀਤੀ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਅਗਲੇ ਚੀਫ ਜਸਟਿਸ ਦੇ ਅਹੁਦੇ ਲਈ ਸੀਨੀਅਰ ਜੱਜ ਜਸਟਿਸ ਐੱਨਵੀ ਰਾਮੰਨਾ ਦੀ ਰਸਮੀ ਨਿਯੁਕਤੀ ਦੇ ਕੀਤੇ ਹੋਣ ਦੇ ਮੱਦੇਨਜ਼ਰ ਪੰਜ ਮੈਂਬਰੀ ਕੌਲਿਜੀਅਮ ਦੀ ਇਹ ਪਹਿਲਾਂ ਨਿਰਧਾਰਤ ਮੀਟਿੰਗ ਹੋਰ ਵੀ ਅਹਿਮ ਹੋ ਜਾਂਦੀ ਹੈ। ਰਵਾਇਤ ਅਨੁਸਾਰ ਕਿਉਂਕਿ ਰਾਸ਼ਟਰਪਤੀ ਨੇ ਅਗਲੇ ਚੀਫ ਜਸਟਿਸ ਦਾ ਨਿਯੁਕਤੀ ਪੱਤਰ ਜਾਰੀ ਕਰ ਦਿੱਤਾ ਹੈ, ਇਸ ਲਈ ਸੇਵਾਮੁਕਤ ਹੋਣ ਵਾਲੇ ਚੀਫ ਜਸਟਿਸ ਹਾਈ ਕੋਰਟਾਂ ਤੇ ਸਿਖਰਲੀ ਅਦਾਲਤ ’ਚ ਜੱਜਾਂ ਦੀ ਨਿਯੁਕਤੀ ਲਈ ਕੇਂਦਰ ਨੂੰ ਕੋਈ ਸਿਫਾਰਸ਼ ਨਹੀਂ ਕਰ ਸਕਦੇ। ਕੌਲਿਜੀਅਮ ਦੀ ਇਹ ਮੀਟਿੰਗ ਜਸਟਿਸ ਰਾਮੰਨਾ ਨੂੰ ਚੀਫ ਜਸਟਿਸ ਨਿਯੁਕਤ ਕਰਨ ਦੇ ਨੋਟੀਫਿਕੇਸ਼ਨ ਤੋਂ ਪਹਿਲਾਂ ਹੀ ਤੈਅ ਸੀ। ਚੀਫ ਜਸਟਿਸ ਤੋਂ ਇਲਾਵਾ ਕੌਲਿਜੀਅਮ ’ਚ ਜਸਟਿਸ ਐੱਨਵੀ ਰਾਮੰਨਾ, ਜਸਟਿਸ ਆਰਐੱਫ ਨਰੀਮਨ, ਜਸਟਿਸ ਯੂਯੂ ਲਲਿਤ ਅਤੇ ਜਸਟਿਸ ਏਐੱਮ ਖਾਨਵਿਲਕਰ ਹਨ। -ਪੀਟੀਆਈ/ਆਈਏਐੱਨਐੱਸ