ਨਵੀਂ ਦਿੱਲੀ, 24 ਅਗਸਤ
ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਭਾਰਤ ਤੇ ਆਸਟੇਰਲੀਆ ਵਿਚਾਲੇ ਖੋਜ ਪ੍ਰਬੰਧਾਂ ਨੂੰ ਅੱਗੇ ਵਧਾਉਣ ਲਈ ਅੱਜ ਆਸਟੇਰਲੀਆ ਦੀਆਂ ਯੂਨੀਵਰਸਿਟੀਆਂ ਦੇ ਅਕਾਦਮਿਕ ਆਗੂਆਂ ਨਾਲ ਵਿਚਾਰ ਚਰਚਾ ਕੀਤੀ। ਉਨ੍ਹਾਂ ਨੇ ਗਰੁੱਪ ਆਫ ਏਟ (ਜੀ-8) ਨਾਲ ਸਬੰਧਤ ਇਨ੍ਹਾਂ ਯੂਨੀਵਰਸਿਟੀਆਂ ਨੂੰ ਖੋਜ ਕਾਰਜਾਂ ਵਿੱਚ ਭਾਰਤ ਵੱਲੋਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ ਸ੍ਰੀ ਪ੍ਰਧਾਨ ਆਸਟੇਲੀਆ ਦੇ ਚਾਰ ਰੋਜ਼ਾ ਦੌਰੇ ’ਤੇ ਹਨ। ਉਨ੍ਹਾਂ ਨੇ ਅੱਜ ਆਸਟਰੇਲੀਅਨ ਸਰਕਾਰ ਦੇ ਪ੍ਰਤੀਨਿਧਾਂ ਸਣੇ ਮੋਨਾਸ਼ ਯੂਨੀਵਰਸਿਟੀ ਦੇ ਅਕਾਦਮਿਕ ਸਟਾਫ ਅਤੇ ਆਸਟਰੇਲੀਅਨ-ਭਾਰਤ ਚੈਂਬਰ ਆਫ ਕਾਮਰਸ ਦੇ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ। ਇਸੇ ਦੌਰਾਨ ਧਰਮੇਂਦਰ ਪ੍ਰਧਾਨ ਮੈਲਬਰਨ ਯੂਨੀਵਰਸਿਟੀ ਵਿੱਚ ਪੜ੍ਹਾਈ ਕਰ ਰਹੇ ਭਾਰਤੀ ਵਿਦਿਆਰਥੀਆਂ ਨਾਲ ਵੀ ਰੂਬਰੂ ਹੋਏ ਤੇ ਵਿਦਿਆਰਥੀਆਂ ਦੇ ਅਕਾਦਮਿਕ ਤਜਰਬਿਆਂ ਬਾਰੇ ਜਾਣਕਾਰੀ ਹਾਸਲ ਕੀਤੀ। -ਪੀਟੀਆਈ