ਸ਼ਿਲਾਂਗ, 2 ਨਵੰਬਰ
ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਕੇ ਸੰਗਮਾ ਦੇ ਹੈਲੀਕਾਪਟਰ ਨੂੰ ਅੱਜ ਸੋਹਣੀ ਉਮੀਅਮ ਝੀਲ ਨੇੜੇ ਹੰਗਾਮੀ ਹਾਲਾਤ ਵਿੱਚ ਉਤਾਰਨਾ ਪਿਆ। ਸ਼ਿਲਾਂਗ ਦੇ ਉੱਪਰਲੇ ਹਿੱਸੇ ਵਿੱਚ ਖ਼ਰਾਬ ਮੌਸਮ ਹੋਣ ਕਾਰਨ ਉਨ੍ਹਾਂ ਦਾ ਹੈਲੀਕਾਪਟਰ ਐਡਵਾਂਸ ਲੈਂਡਿੰਗ ਗਰਾਊਂਡ (ਏਐੱਲਜੀ) ਵਿੱਚ ਨਹੀਂ ਸੀ ਉਤਰ ਸਕਿਆ। ਮੁੱਖ ਮੰਤਰੀ ਸੂਬੇ ਦੇ ਪੱਛਮੀ ਹਿੱਸੇ ਵਿੱਚ ਸਥਿਤ ਗਾਰੋ ਹਿੱਲਸ ਵਿੱਚ ਪੈਂਦੇ ਆਪਣੇ ਵਿਧਾਨ ਸਭਾ ਹਲਕੇ ਦਾ ਸਰਕਾਰੀ ਦੌਰਾ ਕਰਨ ਮਗਰੋਂ ਪਰਤ ਰਹੇ ਸਨ। ਟਵਿੱਟਰ ’ਤੇ ਉਨ੍ਹਾਂ ਕਿਹਾ ਕਿ ਖਰਾਬ ਮੌਸਮ ਕਾਰਨ ਹੈਲੀਕਾਪਟਰ ਨੂੰ ਉਮੀਅਮ ਝੀਲ ਨੇੜੇ ਯੂਨਾਈਟਿਡ ਕ੍ਰਿਸਚਨ ਕਾਲਜ ਦੇ ਮੈਦਾਨ ਵਿੱਚ ਉਤਾਰਨਾ ਪਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੈਂਪਸ ਵਿੱਚ ਸੁੰਦਰ ਦ੍ਰਿਸ਼ ਦਾ ਆਨੰਦ ਮਾਣਿਆ, ਕਾਲਜ ਦੇ ਸਟਾਫ ਨਾਲ ਮੁਲਾਕਾਤ ਕੀਤੀ ਤੇ ਕੰਟੀਨ ਵਿੱਚ ਖਾਣਾ ਖਾਧਾ। -ਪੀਟੀਆਈ