ਸ੍ਰੀਨਗਰ, 7 ਸਤੰਬਰ
ਪੀਡੀਪੀ ਦੀ ਪ੍ਰਧਾਨ ਮਹਬਿੂਬਾ ਮੁਫ਼ਤੀ ਨੂੰ ਅੱਜ ਘਰ ਵਿਚ ਨਜ਼ਰਬੰਦ ਕਰ ਦਿੱਤਾ ਗਿਆ। ਮੁਫ਼ਤੀ ਨੇ ਇਸ ਮੌਕੇ ਦਾਅਵਾ ਕੀਤਾ ਕਿ ਜੰਮੂ ਕਸ਼ਮੀਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀਆਂ ਗਤੀਵਿਧੀਆਂ ਉਤੇ ਰੋਕ ਲਾਏ ਜਾਣ ਨਾਲ ‘ਸਭ ਕੁਝ ਆਮ ਵਾਂਗ ਹੋਣ ਦੇ ਸਰਕਾਰ ਦੇ ਦਾਅਵਿਆਂ ਦਾ ਪਰਦਾਫਾਸ਼ ਹੋ ਗਿਆ ਹੈ।’ ਜੰਮੂ ਕਸ਼ਮੀਰ ਦੀ ਆਗੂ ਨੇ ਨਾਲ ਹੀ ਕੇਂਦਰ ਸਰਕਾਰ ਉਤੇ ਨਿਸ਼ਾਨਾ ਸੇਧਿਆ। ਉਨ੍ਹਾਂ ਕਿਹਾ ਕਿ ਇਕ ਪਾਸੇ ਭਾਰਤ ਸਰਕਾਰ ਅਫ਼ਗਾਨਿਸਤਾਨ ਵਿਚ ਲੋਕਾਂ ਦੇ ਹੱਕਾਂ ਲਈ ਫ਼ਿਕਰ ਜ਼ਾਹਿਰ ਕਰ ਰਹੀ ਹੈ, ਜਦਕਿ ਉਹੀ ਹੱਕ ਕਸ਼ਮੀਰੀਆਂ ਤੋਂ ਖੋਹੇ ਜਾ ਰਹੇ ਹਨ। ਸਾਬਕਾ ਮੁੱਖ ਮੰਤਰੀ ਨੇ ਟਵੀਟ ਕੀਤਾ ‘ਮੈਨੂੰ ਅੱਜ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਪ੍ਰਸ਼ਾਸਨ ਮੁਤਾਬਕ ਕਸ਼ਮੀਰ ਦੀ ਸਥਿਤੀ ਆਮ ਹੋਣ ਨਾਲੋਂ ਕੋਹਾਂ ਦੂਰ ਹੈ। ਹਾਲਾਤ ਚੰਗੇ ਹੋਣ ਦੇ ਸਰਕਾਰੀ ਦਾਅਵਿਆਂ ਦੀ ਫੂਕ ਨਿਕਲ ਗਈ ਹੈ ਤੇ ਇਹ ਝੂਠੇ ਦਾਅਵੇ ਹਨ।’ ਮਹਬਿੂਬਾ ਨੇ ਗੁਪਕਾਰ ਸਥਿਤ ਆਪਣੀ ਰਿਹਾਇਸ਼ ਦੇ ਗੇਟ ’ਤੇ ਖੜ੍ਹੇ ਵਾਹਨਾਂ ਦੀ ਫੋਟੋ ਵੀ ਪੋਸਟ ਕੀਤੀ ਜਿਨ੍ਹਾਂ ਗੇਟ ਰੋਕਿਆ ਹੋਇਆ ਹੈ। ਅਧਿਕਾਰੀਆਂ ਮੁਤਾਬਕ ਮਹਬਿੂਬਾ ਨੇ ਦੱਖਣੀ ਕਸ਼ਮੀਰ ਦੇ ਜ਼ਿਆਦਾ ਗੜਬੜੀ ਵਾਲੇ ਕੁਲਗਾਮ ਜ਼ਿਲ੍ਹੇ ਦੇ ਇਕ ਪਰਿਵਾਰਕ ਸਮਾਰੋਹ ਵਿਚ ਜਾਣ ਦੀ ਇੱਛਾ ਜ਼ਾਹਿਰ ਕੀਤੀ ਸੀ। ਪ੍ਰਸ਼ਾਸਨ ਨੇ ਉਨ੍ਹਾਂ ਨੂੰ ਇਸ ਗੱਲ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਉੱਥੇ ਨਾ ਜਾਣ ਕਿਉਂਕਿ ਕੁਝ ਦੇਸ਼ ਵਿਰੋਧੀ ਤੱਤ ਹਾਲੇ ਵੀ ਵਾਦੀ ਦੀ ਸਥਿਤੀ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਪਹਿਲੀ ਸਤੰਬਰ ਨੂੰ ਪਾਕਿਸਤਾਨ ਪੱਖੀ ਵੱਖਵਾਦੀ ਆਗੂ ਸਈਦ ਅਲੀ ਸ਼ਾਹ ਗਿਲਾਨੀ (91) ਦੀ ਮੌਤ ਹੋ ਗਈ ਸੀ। ਗਿਲਾਨੀ ਦੀ ਮੌਤ ਤੋਂ ਬਾਅਦ ਲਗਾਤਾਰ ਮਹਬਿੂਬਾ ਬਿਆਨਬਾਜ਼ੀ ਕਰ ਰਹੀ ਸੀ। ਸੋਮਵਾਰ ਮਹਬਿੂਬਾ ਨੇ ਦੋਸ਼ ਲਾਇਆ ਸੀ ਕਿ ਪ੍ਰਸ਼ਾਸਨ ਨੇ ਵਾਦੀ ਨੂੰ ‘ਇਕ ਖੁੱਲ੍ਹੀ ਜੇਲ੍ਹ’ ਬਣਾ ਦਿੱਤਾ ਹੈ ਜਿੱਥੇ ‘ਮਰਿਆਂ ਨੂੰ ਵੀ ਨਹੀਂ ਬਖ਼ਸ਼ਿਆ ਜਾਂਦਾ।’ ਮਹਬਿੂਬਾ ਨੇ ਟਵੀਟ ਕੀਤਾ ਸੀ ‘ਗਿਲਾਨੀ ਦੇ ਪਰਿਵਾਰ ਨੂੰ ਉਨ੍ਹਾਂ ਦੀ ਇੱਛਾ ਮੁਤਾਬਕ ਨਾ ਤਾਂ ਗਿਲਾਨੀ ਨੂੰ ਆਖ਼ਰੀ ਅਲਵਿਦਾ ਕਹਿਣ ਦਿੱਤਾ ਗਿਆ ਤੇ ਨਾ ਢੰਗ ਨਾਲ ਅਫ਼ਸੋਸ ਕਰਨ ਦਿੱਤਾ ਗਿਆ। ਗਿਲਾਨੀ ਦੇ ਪਰਿਵਾਰ ਉਤੇ ਯੂਏਪੀਏ ਤਹਿਤ ਕੇਸ ਦਰਜ ਕਰਨਾ ਭਾਰਤ ਸਰਕਾਰ ਦੇ ਸ਼ੱਕੀ ਰਵੱਈਏ ਤੇ ਬੇਰਹਿਮੀ ਨੂੰ ਦਰਸਾਉਂਦਾ ਹੈ। ਇਹ ਨਵੇਂ ਭਾਰਤ ਦਾ ਨਵਾਂ ਕਸ਼ਮੀਰ ਹੈ।’ -ਪੀਟੀਆਈ
ਗਿਲਾਨੀ ਦੀਆਂ ਅੰਤਿਮ ਰਸਮਾਂ ਬਾਰੇ ਪੁਲੀਸ ਵੱਲੋਂ ਸਪੱਸ਼ਟੀਕਰਨ
ਜੰਮੂ ਕਸ਼ਮੀਰ ਪੁਲੀਸ ਨੇ ਗਿਲਾਨੀ ਦੀਆਂ ਅੰਤਿਮ ਰਸਮਾਂ ਦੀ ਇਕ ਵੀਡੀਓ ਰਿਲੀਜ਼ ਕੀਤੀ ਸੀ। ਪੁਲੀਸ ਨੇ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਮੌਤ ਤੋਂ ਬਾਅਦ ਅਧਿਕਾਰੀਆਂ ਨੂੰ ਵੱਖਵਾਦੀ ਆਗੂ ਦੇ ਘਰ ਤਿੰਨ ਘੰਟੇ ਉਡੀਕ ਕਰਵਾਈ ਗਈ ਜੋ ਉੱਥੇ ਅੰਤਿਮ ਰਸਮਾਂ ਕਰਵਾਉਣ ਲਈ ਗਏ ਸਨ। ਪੁਲੀਸ ਨੇ ਵੀਡੀਓ ਟਵੀਟ ਵੀ ਕੀਤੀ ਜਿਸ ਵਿਚ ਅੰਤਿਮ ਰਸਮਾਂ ਰਵਾਇਤੀ ਢੰਗ ਨਾਲ ਕੀਤੀਆਂ ਜਾ ਰਹੀਆਂ ਹਨ। ਗਿਲਾਨੀ ਦੀ ਮੌਤ ਤੋਂ ਬਾਅਦ ਕਸ਼ਮੀਰ ਦੇ ਆਈਜੀ (ਪੁਲੀਸ) ਵਿਜੇ ਕੁਮਾਰ ਵੱਖਵਾਦੀ ਆਗੂ ਦੇ ਘਰ ਗਏ ਸਨ ਤੇ ਉਨ੍ਹਾਂ ਦੇ ਪੁੱਤਰਾਂ ਨਾਲ ਪਹਿਲੀ ਸਤੰਬਰ ਨੂੰ ਹੀ ਰਾਤ ਕਰੀਬ 11 ਵਜੇ ਮੁਲਾਕਾਤ ਵੀ ਕੀਤੀ ਸੀ। ਉਨ੍ਹਾਂ ਗਿਲਾਨੀ ਦੇ ਪਰਿਵਾਰ ਨੂੰ ਬੇਨਤੀ ਕੀਤੀ ਸੀ ਕਿ ਕਾਨੂੰਨ-ਵਿਵਸਥਾ ਤੇ ਲੋਕ ਹਿੱਤ ਖਾਤਰ ਗਿਲਾਨੀ ਨੂੰ ਰਾਤ ਨੂੰ ਹੀ ਦਫ਼ਨਾ ਦਿੱਤਾ ਜਾਵੇ। ਦੋਵੇਂ ਸਹਿਮਤ ਹੋ ਗਏ ਸਨ ਤੇ ਦੋ ਘੰਟੇ ਉਡੀਕ ਕਰਨ ਲਈ ਕਿਹਾ ਸੀ। ਪੁਲੀਸ ਨੇ ਕਿਹਾ ਕਿ ਪਰ ਮਗਰੋਂ ਤਿੰਨ ਘੰਟੇ ਬੀਤ ਗਏ ਤੇ ਪਰਿਵਾਰ ਦਾ ਰਵੱਈਆ ਬਦਲ ਗਿਆ। ਮ੍ਰਿਤਕ ਦੇਹ ਨੂੰ ਪਾਕਿਸਤਾਨੀ ਝੰਡੇ ਵਿਚ ਲਪੇਟ ਦਿੱਤਾ ਗਿਆ ਤੇ ਪਾਕਿਸਤਾਨ ਪੱਖੀ ਨਾਅਰੇ ਲਾਏ ਗਏ। ਪੁਲੀਸ ਨੇ ਕਿਹਾ ਕਿ ਮਗਰੋਂ ਕਿਸੇ ਤਰ੍ਹਾਂ ਰਿਸ਼ਤੇਦਾਰਾਂ ਨੂੰ ਮਨਾਇਆ ਗਿਆ ਤੇ ਦੇਹ ਕਬਰਿਸਤਾਨ ਲਿਆਂਦੀ ਗਈ।