ਸ੍ਰੀਨਗਰ, 21 ਅਗਸਤ
ਪੀਡੀਪੀ ਪ੍ਰਧਾਨ ਮਹਬਿੂਬਾ ਮੁਫ਼ਤੀ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਕਸ਼ਮੀਰੀ ਪੰਡਤ ਸੁਨੀਲ ਕੁਮਾਰ ਭੱਟ ਦੇ ਪਰਿਵਾਰ ਨਾਲ ਮਿਲਣ ਤੋਂ ਰੋਕਣ ਲਈ ਘਰ ’ਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਭੱਟ ਦੀ ਅਤਿਵਾਦੀਆਂ ਨੇ ਕੁਝ ਦਿਨ ਪਹਿਲਾਂ ਸ਼ੋਪੀਆਂ ’ਚ ਹੱਤਿਆ ਕਰ ਦਿੱਤੀ ਸੀ। ਮਹਬਿੂਬਾ ਮੁਫ਼ਤੀ ਨੇ ਟਵਿੱਟਰ ’ਤੇ ਆਪਣੇ ਗੁਪਕਾਰ ਇਲਾਕੇ ’ਚ ਪੈਂਦੇ ਘਰ ਦੇ ਤਾਲੇ ਲੱਗੇ ਗੇਟਾਂ ਅਤੇ ਬਾਹਰ ਖੜ੍ਹੇ ਸੀਆਰਪੀਐੱਫ ਦੇ ਵਾਹਨਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਦੀਆਂ ਮਾੜੀਆਂ ਨੀਤੀਆਂ ਕਾਰਨ ਕਸ਼ਮੀਰੀ ਪੰਡਤ ਨਿਸ਼ਾਨਾ ਬਣ ਰਹੇ ਹਨ। ਉਨ੍ਹਾਂ ਟਵਿੱਟਰ ’ਤੇ ਲਿਖਿਆ,‘‘ਭਾਰਤ ਸਰਕਾਰ ਕਸ਼ਮੀਰੀ ਪੰਡਤਾਂ ਦੀਆਂ ਮੁਸ਼ਕਲਾਂ ਨੂੰ ਦਬਾਉਣਾ ਚਾਹੁੰਦੀ ਹੈ ਕਿਉਂਕਿ ਉਸ ਦੀਆਂ ਮਾੜੀਆਂ ਨੀਤੀਆਂ ਕਾਰਨ ਉਨ੍ਹਾਂ ਲੋਕਾਂ ਦੀਆਂ ਹੱਤਿਆਵਾਂ ਹੋ ਰਹੀਆਂ ਹਨ ਜਿਨ੍ਹਾਂ ਵਾਦੀ ਛੱਡਣ ਤੋਂ ਇਨਕਾਰ ਕਰ ਦਿੱਤਾ ਹੈ। ਜੇਕਰ ਸਾਡੇ ਵਰਗੇ ਮੁੱਖਧਾਰਾ ਦੇ ਲੋਕਾਂ ਨੂੰ ਉਨ੍ਹਾਂ ਦਾ ਦੁਸ਼ਮਣ ਦੱਸਿਆ ਜਾ ਰਿਹਾ ਹੈ ਤਾਂ ਫਿਰ ਅੱਜ ਮੈਨੂੰ ਘਰ ’ਚ ਨਜ਼ਰਬੰਦ ਕਿਉਂ ਕੀਤਾ ਗਿਆ ਹੈ।’’ ਪੀਡੀਪੀ ਸੁਪਰੀਮੋ ਨੇ ਕਿਹਾ ਕਿ ਉਹ ਚੋਟੀਗਾਮ ’ਚ ਭੱਟ ਦੇ ਪਰਿਵਾਰ ਨਾਲ ਮਿਲਣਾ ਚਾਹੁੰਦੀ ਸੀ ਪਰ ਪ੍ਰਸ਼ਾਸਨ ਨੇ ਉਨ੍ਹਾਂ ਦੀ ਇਸ ਕੋਸ਼ਿਸ਼ ਨੂੰ ਨਾਕਾਮ ਬਣਾ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦਾਅਵਾ ਕਰਦਾ ਹੈ ਕਿ ਸੁਰੱਖਿਆ ਲਈ ਇਹ ਕਦਮ ਉਠਾਇਆ ਗਿਆ ਹੈ ਪਰ ਅਧਿਕਾਰੀ ਖੁਦ ਵਾਦੀ ਦੇ ਹਰ ਕੋਨੇ ’ਚ ਆਉਂਦੇ-ਜਾਂਦੇ ਰਹਿੰਦੇ ਹਨ। -ਪੀਟੀਆਈ