ਸ੍ਰੀਨਗਰ, 30 ਮਾਰਚ
ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਬਿੂਬਾ ਮੁਫਤੀ ਦੀ ਮਾਂ ਗੁਲਸ਼ਨ ਨਜ਼ੀਰ ਦੀ ਪਾਸਪੋਰਟ ਦੀ ਅਰਜ਼ੀ ਨੂੰ ਪੁਲੀਸ ਦੀ ਕਥਿਤ ਨਕਾਰਾਤਮਕ ਰਿਪੋਰਟ ਦੇ ਅਧਾਰ ’ਤੇ ਰੱਦ ਕਰ ਦਿੱਤਾ ਗਿਆ ਹੈ। ਨਜ਼ੀਰ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਅਤੇ ਜੰਮੂ-ਕਸ਼ਮੀਰ ਦੇ ਦੋ ਵਾਰ ਮੁੱਖ ਮੰਤਰੀ ਮਰਹੂਮ ਮੁਫ਼ਤੀ ਮੁਹੰਮਦ ਸਈਦ ਦੀ ਪਤਨੀ ਹੈ। ਖੇਤਰੀ ਪਾਸਪੋਰਟ ਦਫਤਰ ਨੇ ਨਜ਼ੀਰ ਨੂੰ ਭੇਜੇ ਪੱਤਰ ਵਿੱਚ ਦੱਸਿਆ ਹੈ ਕਿ ਜੰਮੂ-ਕਸ਼ਮੀਰ ਪੁਲੀਸ ਦੀ ਸੀਆਈਡੀ ਨੇ ਉਨ੍ਹਾਂ ਦੇ ਪਾਸਪੋਰਟ ਦੀ ਅਰਜ਼ੀ ਨੂੰ ਪਾਸਪੋਰਟ ਐਕਟ ਦੀ ਧਾਰਾ -6 (2) (ਸੀ) ਤਹਿਤ ਆਗਿਆ ਨਹੀਂ ਦਿੱਤੀ ਹੈ। ਇਸ ਧਾਰਾ ਤਹਿਤ ਜੇ ਅਧਿਕਾਰੀਆਂ ਨੂੰ ਲੱਗੇ ਕਿ ਅਰਜ਼ੀ ਦੇਣ ਵਾਲਾ ਭਾਰਤ ਦੇ ਬਾਹਰ ਦੇਸ਼ ਦੀ ਪ੍ਰਭੂਸੱਤਾ ਤੇ ਅਖੰਡਤਾ ਖ਼ਿਲਾਫ਼ ਕੰਮ ਕਰ ਸਕਦਾ ਹੈ ਤਾਂ ਉਸ ਦੀ ਅਰਜ਼ੀ ਨੂੰ ਰੱਦ ਕੀਤਾ ਜਾ ਸਕਦਾ ਹੈ।