ਨਵੀਂ ਦਿੱਲੀ, 20 ਮਾਰਚ
ਦੁਨੀਆ ਭਰ ਦੀਆਂ ਵੱਕਾਰੀ ਯੂਨੀਵਰਸਿਟੀਆਂ ਦੀਆਂ 150 ਅਕਾਦਮਿਕ ਸ਼ਖ਼ਸੀਅਤਾਂ ਨੇ ਅਸ਼ੋਕਾ ਯੂਨੀਵਰਸਿਟੀ ਦੇ ਟਰੱਸਟੀਆਂ ਨੂੰ ਪੱਤਰ ਲਿਖ ਕੇ ਪ੍ਰਤਾਪ ਭਾਨੂੰ ਮਹਿਤਾ ਵੱਲੋਂ ’ਵਰਸਿਟੀ ਤੋਂ ਅਸਤੀਫ਼ਾ ਦੇਣ ’ਤੇ ਦੁੱਖ ਪ੍ਰਗਟ ਕੀਤਾ ਹੈ। ਸਿਆਸੀ ਵਿਸ਼ਲੇਸ਼ਕ ਮਹਿਤਾ ਵੱਲੋਂ ਯੂਨੀਵਰਸਿਟੀ ਤੋਂ ਅਸਤੀਫ਼ੇ ਦਾ ਕਾਰਨ ‘ਸਿਆਸੀ ਦਬਾਅ’ ਦੱਸਿਆ ਜਾ ਰਿਹਾ ਹੈ। ਪੱਤਰ ਲਿਖਣ ਵਾਲਿਆਂ ਵਿਚ ਹਾਰਵਰਡ, ਯੇਲ, ਕੋਲੰਬੀਆ, ਲੰਡਨ ਸਕੂਲ ਆਫ਼ ਇਕਨਾਮਿਕਸ ਤੇ ਐਮਆਈਟੀ ਦੀਆਂ ਅਕਾਦਮਿਕ ਹਸਤੀਆਂ ਸ਼ਾਮਲ ਹਨ। ਹਰਿਆਣਾ ਦੇ ਸੋਨੀਪਤ ਸਥਿਤ ’ਵਰਸਿਟੀ ਇਸ ਹਫ਼ਤੇ ਉਸ ਵੇਲੇ ਵਿਵਾਦਾਂ ਵਿਚ ਘਿਰ ਗਈ ਜਦ ਮਹਿਤਾ ਨੇ ਪ੍ਰੋਫੈਸਰ ਵਜੋਂ ਅਸਤੀਫ਼ਾ ਦੇ ਦਿੱਤਾ। ਦੋ ਸਾਲ ਪਹਿਲਾਂ ਉਨ੍ਹਾਂ ਇਸੇ ’ਵਰਸਿਟੀ ਦੇ ਉਪ ਕੁਲਪਤੀ ਵਜੋਂ ਅਸਤੀਫ਼ਾ ਦੇ ਦਿੱਤਾ ਸੀ। ਮਹਿਤਾ ਨੇ ਕਿਹਾ ਸੀ ਕਿ ’ਵਰਸਿਟੀ ਦੇ ਸੰਸਥਾਪਕਾਂ ਨੇ ‘ਪੂਰੀ ਤਰ੍ਹਾਂ ਸਪੱਸ਼ਟ’ ਕਰ ਦਿੱਤਾ ਹੈ ਕਿ ਉਸ ਦੀ ਸੰਸਥਾ ਨਾਲ ਸਾਂਝ ‘ਸਿਆਸੀ ਤੌਰ ’ਤੇ ਭਾਰ’ ਬਣ ਗਈ ਹੈ। ਸਾਬਕਾ ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਣੀਅਨ ਨੇ ਵੀ ਮਹਿਤਾ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਦੋ ਦਿਨ ਬਾਅਦ ਅਸਤੀਫ਼ਾ ਦੇ ਦਿੱਤਾ ਸੀ। ਆਰਬੀਆਈ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਅੱਜ ਸੋਸ਼ਲ ਮੀਡੀਆ ’ਤੇ ਲਿਖਦਿਆਂ ਕਿਹਾ ਕਿ ਮਹਿਤਾ ਤੇ ਸੁਬਰਾਮਣੀਅਨ ਦਾ ਅਸਤੀਫ਼ਾ ‘ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਲਈ ਵੱਡਾ ਝਟਕਾ ਹੈ ਤੇ ਸੰਸਥਾਪਕਾਂ ਨੇ ਯੂਨੀਵਰਸਿਟੀ ਦੀ ਰੂਹ ਨਾਲ ਘਾਟੇ ਦਾ ਸੌਦਾ ਕੀਤਾ ਹੈ।’ ਅਸ਼ੋਕਾ ’ਵਰਸਿਟੀ ਦੇ ਟਰੱਸਟੀਆਂ ਨੂੰ ਲਿਖੇ ਖੁੱਲ੍ਹੇ ਪੱਤਰ ਵਿਚ ਕਿਹਾ ਗਿਆ ਹੈ ਕਿ ਮਹਿਤਾ ਨੂੰ ‘ਉਨ੍ਹਾਂ ਦੀਆਂ ਲਿਖਤਾਂ ਲਈ ਨਿਸ਼ਾਨਾ ਬਣਾਇਆ ਗਿਆ ਹੈ।’
ਪੱਤਰ ਵਿਚ ਕਿਹਾ ਗਿਆ ਹੈ ਕਿ ਮਹਿਤਾ ਮੌਜੂਦਾ ਭਾਰਤ ਸਰਕਾਰ ਦੇ ਪ੍ਰਮੁੱਖ ਆਲੋਚਕਾਂ ਵਿਚੋਂ ਹਨ। ਇਸ ਲਈ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਪੱਤਰ ਲਿਖਣ ਵਾਲਿਆਂ ਨੇ ਟਰੱਸਟੀਆਂ ਉਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਨ੍ਹਾਂ ਨੂੰ ਮਹਿਤਾ ਦਾ ਪੱਖ ਲੈਣਾ ਚਾਹੀਦਾ ਸੀ, ਇਹ ਉਨ੍ਹਾਂ ਦਾ ਫ਼ਰਜ਼ ਬਣਦਾ ਸੀ, ਪਰ ਉਸ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਕੀਤਾ ਗਿਆ। ਪੱਤਰ ’ਤੇ ਨਿਊ ਯਾਰਕ, ਆਕਸਫੋਰਡ, ਸਟੈਨਫੋਰਡ, ਪ੍ਰਿੰਸਟਨ, ਕੈਂਬ੍ਰਿਜ, ਪੈਨਸਿਲਵਾਨੀਆ ਤੇ ਕੈਲੀਫੋਰਨੀਆ ਯੂਨੀਵਰਸਿਟੀਆਂ ਦੀਆਂ ਉੱਘੀਆਂ ਅਕਾਦਮਿਕ ਹਸਤੀਆਂ ਦੇ ਹਸਤਾਖ਼ਰ ਹਨ। ਉਨ੍ਹਾਂ ਕਿਹਾ ਹੈ ਕਿ ਯੂਨੀਵਰਸਿਟੀ ਨੂੰ ਨਿਡਰ ਸਵਾਲਾਂ ਤੇ ਸਮੀਖਿਆ ਨੂੰ ਹੁਲਾਰਾ ਦੇਣਾ ਚਾਹੀਦਾ ਹੈ। ਪਰ ਇਸ ਤਰ੍ਹਾਂ ਅਸਤੀਫ਼ਾ ਦੇਣ ਲਈ ਮਜਬੂਰ ਕਰਨਾ ਸ਼ਰਮਨਾਕ ਹੈ। ਇਨ੍ਹਾਂ ਸਾਰਿਆਂ ਨੇ ਮਹਿਤਾ ਦੀ ਪਿੱਠ ਥਾਪੜੀ ਹੈ ਤੇ ਉਨ੍ਹਾਂ ਦੇ ਕੰਮ ਨੂੰ ਬੌਧਿਕ ਪੱਖ ਤੋਂ ਉੱਚ ਕੋਟੀ ਦਾ ਕਰਾਰ ਦਿੱਤਾ ਹੈ।
ਅਸ਼ੋਕਾ ’ਵਰਸਿਟੀ ਦੇ ਵਿਦਿਆਰਥੀ ਦੋ ਦਿਨ ਕਲਾਸਾਂ ਦਾ ਬਾਈਕਾਟ ਕਰਨਗੇ
ਨਵੀਂ ਦਿੱਲੀ: ਅਸ਼ੋਕਾ ਯੂਨੀਵਰਸਿਟੀ ਵਿਚ ਵਾਪਰੀਆਂ ਹਾਲੀਆ ਘਟਨਾਵਾਂ ਤੋਂ ਬਾਅਦ ਵਿਦਿਆਰਥੀਆਂ ਨੇ ਸੋਮਵਾਰ ਤੋਂ ਰੋਸ ਵਜੋਂ ਦੋ ਦਿਨ ਲਈ ਕਲਾਸਾਂ ਦੇ ਬਾਈਕਾਟ ਦਾ ਐਲਾਨ ਕੀਤਾ ਹੈ। ਵਿਦਿਆਰਥੀ ਸੰਗਠਨ ‘ਦਿ ਅਸ਼ੋਕਾ ਯੂਨੀਵਰਸਿਟੀ ਸਟੂਡੈਂਟ ਗਵਰਨਮੈਂਟ’ ਨੇ ਕਿਹਾ ਕਿ ਉਪ ਕੁਲਪਤੀ ਦੇ ਅਸਤੀਫ਼ੇ ਦੀ ਮੰਗ ਲਈ ਵੱਖਰੇ ਤੌਰ ’ਤੇ ਮੁਹਿੰਮ ਆਰੰਭੀ ਜਾਵੇਗੀ। ਵਿਦਿਆਰਥੀ ਮਹਿਤਾ ਵੱਲੋਂ ‘ਸਿਆਸੀ ਦਬਾਅ’ ਬਾਰੇ ਦਿੱਤੇ ਬਿਆਨ ’ਤੇ ਯੂਨੀਵਰਸਿਟੀ ਦੇ ਸੰਸਥਾਪਕਾਂ ਦੀ ਪ੍ਰਤੀਕਿਰਿਆ ਦੀ ਵੀ ਵੀ ਮੰਗ ਕਰ ਰਹੇ ਹਨ। ਉਨ੍ਹਾਂ ਵਿਦਿਆਰਥੀ ਸੰਗਠਨ ਦੀ ਸੰਸਥਾਪਕਾਂ ਨਾਲ ਮੀਟਿੰਗ ਰੱਖਣ ਦੀ ਮੰਗ ਵੀ ਕੀਤੀ ਹੈ। -ਪੀਟੀਆਈ
ਸੱਤਾਧਾਰੀਆਂ ਲਈ ‘ਕੰਡੇ ਵਰਗੇ ਹਨ’ ਪ੍ਰਤਾਪ ਭਾਨੂੰ ਮਹਿਤਾ: ਰਾਜਨ
ਆਰਬੀਆਈ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਕਿਹਾ ਕਿ ਮਹਿਤਾ ‘ਸੱਤਾਧਾਰੀਆਂ ਲਈ ਕੰਡੇ ਵਰਗੇ ਹਨ’ ਕਿਉਂਕਿ ਉਹ ‘ਸਰਕਾਰ ਲਈ ਕੰਮ ਕਰਨ ਵਾਲਿਆਂ ਨੂੰ ਵਿੰਨ੍ਹ ਦਿੰਦੇ ਹਨ ਤੇ ਆਪਣੇ ਸਵਾਲਾਂ ਨਾਲ ਸੋਚਣ ਲਈ ਮਜਬੂਰ ਕਰ ਦਿੰਦੇ ਹਨ, ਸੁਪਰੀਮ ਕੋਰਟ ਜਿਹੀਆਂ ਸਿਖ਼ਰਲੀਆਂ ਸੰਸਥਾਵਾਂ ਨੂੰ ਵੀ ਉਹ ਨਿੱਗਰ ਦਲੀਲਾਂ ਨਾਲ ਸਪੱਸ਼ਟ ਸਵਾਲ ਕਰਦੇ ਹਨ।’ -ਪੀਟੀਆਈ