ਭੋਪਾਲ, 11 ਜੁਲਾਈ
ਭਾਰਤੀ ਮੌਸਮ ਵਿਭਾਗ ਨੇ ਮੱਧ ਪ੍ਰਦੇਸ਼ ਦੇ 52 ਜ਼ਿਲ੍ਹਿਆਂ ਵਿੱਚੋਂ 33 ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਨੂੰ ਲੈ ਕੇ ‘ਸੰਤਰੀ ਚਿਤਾਵਨੀ’ ਜਾਰੀ ਕੀਤੀ ਹੈ। ਇਹ ਚਿਤਾਵਨੀ ਮੰਗਲਵਾਰ ਸਵੇਰ ਤੱਕ ਵੈਲਿਡ ਹੈ। ਇਨ੍ਹਾਂ 33 ਜ਼ਿਲ੍ਹਿਆਂ ਵਿੱਚ ਭੋਪਾਲ, ਇੰਦੌਰ, ਜਬਲਪੁਰ ਅਤੇ ਨਰਮਦਾਪੁਰਮ ਆਦਿ ਸ਼ਾਮਲ ਹਨ। ਇਸੇ ਦੌਰਾਨ ਲੰਘੇ 24 ਘੰਟਿਆਂ ਵਿੱਚ ਅਸਮਾਨੀ ਬਿਜਲੀ ਪੈਣ ਕਾਰਨ ਸੂਬੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ। ਰੈਵੀਨਿਊ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਲੰਘੇ 24 ਘੰਟਿਆਂ (ਸੋਮਵਾਰ 2.30 ਵਜੇ ਤੱਕ) ਵੱਖ-ਵੱਖ ਥਾਵਾਂ ’ਤੇ ਬਿਜਲੀ ਡਿੱਗਣ ਕਾਰਨ 7 ਲੋਕਾਂ ਦੀ ਜਾਨ ਗਈ ਹੈ। ਇਨ੍ਹਾਂ ਸੱਤ ਮੌਤਾਂ ਵਿੱਚੋਂ 2 ਮੌਤਾਂ ਮਾਂਡਲਾ ਵਿੱਚ ਹੋਈਆਂ ਜਦਕਿ ਅਸ਼ੋਕ ਨਗਰ, ਦਾਤੀਆ, ਗੁਨਾ, ਨਰਸਿੰਘਪੁਰ ਅਤੇ ਨਰਮਦਾਪੁਰਮ ਵਿੱਚ ਇੱਕ-ਇੱਕ ਮੌਤ ਹੋਈ ਹੈ। ਲੰਘੇ 24 ਘੰਟਿਆਂ ਵਿੱਚ ਰਾਇਸੇਨ, ਬੈਤੂਲ, ਨਰਮਦਾਪੁਰਮ, ਛਿੰਦਵਾੜਾ, ਭੋਪਾਲ ਅਤੇ ਗਵਾਲੀਅਰ ਵਿੱਚ ਭਾਰੀ ਮੀਂਹ ਪਿਆ ਹੈ।