ਆਰਐੱਸ ਪੁਰਾ (ਜੰਮੂ), 30 ਜੁਲਾਈ
ਰਾਜਸਥਾਨ ਦੇ ਬਾੜਮੇਰ ਵਿੱਚ ਵੀਰਵਾਰ ਦੇਰ ਰਾਤ ਮਿਗ-21 ਹਾਦਸੇ ਵਿੱਚ ਮਾਰੇ ਗਏ ਜੰਮੂ ਦੇ ਫਲਾਈਟ ਲੈਫਟੀਨੈਂਟ ਅਦਵਿਤਿਆ ਬਲ ਦੀ ਦੇਹ ਅੱਜ ਆਰਐੱਸ ਪੁਰਾ ਅਧੀਨ ਪੈਂਦੇ ਉਸ ਦੇ ਜੱਦੀ ਪਿੰਡ ਜਿੰਦਰ ਮੇਹਲੂ ਪੁੱਜੀ। ਰਾਜਸਥਾਨ ਤੋਂ ਅਦਵਿਤਿਆ ਦੀ ਦੇਹ ਹਵਾਈ ਜਹਾਜ਼ ਰਾਹੀਂ ਇੱਥੋਂ ਦੇ ਆਈਏਐੱਫ ਸਟੇਸ਼ਨ ਲਿਆਂਦੀ ਗਈ, ਜਿੱਥੇ ਏਅਰ ਅਫ਼ਸਰ ਕਮਾਂਡਿੰਗ (ਏਓਸੀ) ਏਅਰ ਕਮਾਂਡਰ ਜੀਐੱਸ ਭੁੱਲਰ ਨੇ ਬਲ ਦੀ ਦੇਹ ’ਤੇ ਫੁੱਲ ਮਾਲਾਵਾਂ ਰੱਖ ਕੇ ਉਸ ਨੂੰ ਸ਼ਰਧਾਂਜਲੀ ਭੇਟ ਕੀਤੀ। ਇੱਕ ਅਧਿਕਾਰੀ ਨੇ ਦੱਸਿਆ ਕਿ ਤਿਰੰਗੇ ਵਿੱਚ ਲਿਪਟੀ ਅਦਵਿਤਿਆ ਦੀ ਦੇਹ ਨੂੰ ਆਈਏਐੱਫ ਸਟੇਸ਼ਨ ਤੋਂ ਪਿੰਡ ਤੱਕ ਲਿਜਾਣ ਵੇਲੇ ਕਈ ਕਿਲੋਮੀਟਰ ਲੰਬੇ ਕਾਫ਼ਲੇ ਵਿੱਚ ਮੋਟਰਸਾਈਕਲਾਂ ਅਤੇ ਨਿੱਜੀ ਵਾਹਨਾਂ ’ਤੇ ਲੋਕ ‘ਅਦਵਿਦਿਆ ਅਮਰ ਰਹੇ’ ਦੇ ਨਾਅਰੇ ਲਗਾਉਂਦੇ ਹੋਏ ਸ਼ਾਮਲ ਹੋਏ। ਇਸ ਮਗਰੋਂ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੀ ਮੌਜੂਦਗੀ ਵਿੱਚ ਅਦਵਿਤਿਆ ਦਾ ਜੱਦੀ ਪਿੰਡ ’ਚ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਪਰਿਵਾਰ ਨੇ ਹਾਦਸੇ ਲਈ ਮਿਗ ਜਹਾਜ਼ ਨੂੰ ਜ਼ਿੰਮੇਵਾਰ ਮੰਨਦਿਆਂ ਪ੍ਰਧਾਨ ਮੰਤਰੀ ਤੋਂ ਤੁਰੰਤ ਇਨ੍ਹਾਂ ਜਹਾਜ਼ਾਂ ਨੂੰ ਹਵਾਈ ਸੈਨਾ ਦੇ ਬੇੜੇ ਵਿੱਚੋਂ ਹਟਾਉਣ ਦੀ ਮੰਗ ਕੀਤੀ ਤਾਂ ਕਿ ਹੋਰ ਨੌਜਵਾਨ ਇਨ੍ਹਾਂ ਮਾਰੂ ਜੰਗੀ ਜਹਾਜ਼ਾਂ ਦੇ ਹਾਦਸਿਆਂ ਦਾ ਸ਼ਿਕਾਰ ਨਾ ਹੋ ਸਕਣ। -ਪੀਟੀਆਈ