ਨਵੀਂ ਦਿੱਲੀ, 29 ਜੁਲਾਈ
ਰਾਜਸਥਾਨ ਵਿੱਚ ਵੀਰਵਾਰ ਦੇਰ ਰਾਤ ਮਿਗ-21 ਟ੍ਰੇਨਰ ਜਹਾਜ਼ ਦੇ ਹਾਦਸੇ ਦੌਰਾਨ ਮਾਰੇ ਗਏ ਭਾਰਤੀ ਹਵਾਈ ਫ਼ੌਜ ਦੇ ਦੋ ਪਾਇਲਟਾਂ ਦੀ ਪਛਾਣ ਵਿੰਗ ਕਮਾਂਡਰ ਮੋਹਿਤ ਰਾਣਾ ਅਤੇ ਫਲਾਈਟ ਲੈਫਟੀਨੈਂਟ ਅਦਵਿਤਿਆ ਬਲ ਵਜੋਂ ਹੋਈ ਹੈ। ਭਾਰਤੀ ਹਵਾਈ ਸੈਨਾ ਦੇ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿੰਗ ਕਮਾਂਡਰ ਰਾਣਾ ਹਿਮਾਚਲ ਪ੍ਰਦੇਸ਼ ਅਤੇ ਫਲਾਈਟ ਲੈਫਟੀਨੈਂਟ ਬਲ ਜੰਮੂ ਨਾਲ ਸਬੰਧਤ ਸਨ। ਬਾੜਮੇਰ ਕੋਲ ਸਿਖਲਾਈ ਉਡਾਣ ਦੌਰਾਨ ਮਿਗ-21 ਦੇ ਹਾਦਸਾਗ੍ਰਸਤ ਹੋਣ ਮਗਰੋਂ ਦੋਵਾਂ ਦੀ ਮੌਤ ਹੋ ਗਈ ਸੀ। ਆਈਏਐੱਫ ਨੇ ਦੱਸਿਆ ਕਿ ਇਹ ਹਾਦਸਾ ਰਾਤ 9.10 ਵਜੇ ਦੇ ਕਰੀਬ ਵਾਪਰਿਆ ਸੀ। ਏਅਰ ਹੈੱਡਕੁਆਰਟਰ ਨੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪਹਿਲਾਂ ਹੀ ਕੋਰਟ ਆਫ ਇਨਕੁਆਰੀ ਦੇ ਹੁਕਮ ਦੇ ਦਿੱਤੇ ਹਨ। ਮਿਗ-21 ਲੰਬੇ ਸਮੇਂ ਤੋਂ ਭਾਰਤੀ ਹਵਾਈ ਸੈਨਾ ਦਾ ਮੁੱਖ ਆਧਾਰ ਰਹੇ ਹਨ। ਹਾਲਾਂਕਿ ਪਿਛਲੇ ਸਮੇਂ ਦੌਰਾਨ ਜਹਾਜ਼ ਦਾ ਸੁਰੱਖਿਆ ਰਿਕਾਰਡ ਬਹੁਤ ਮਾੜਾ ਰਿਹਾ ਹੈ। ਪਿਛਲੇ ਪੰਜ ਸਾਲਾਂ ਦੌਰਾਨ ਕੁੱਲ 45 ਹਵਾਈ ਜਹਾਜ਼ ਹਾਦਸਿਆਂ ਦਾ ਸ਼ਿਕਾਰ ਹੋਏ ਹਨ, ਜਿਨ੍ਹਾਂ ਵਿੱਚੋਂ 29 ਭਾਰਤੀ ਹਵਾਈ ਸੈਨਾ ਨਾਲ ਸਬੰਧਤ ਹਨ। -ਪੀਟੀਆਈ
ਵਰੁਣ ਗਾਂਧੀ ਨੇ ਹਾਦਸੇ ਲਈ ਕੇਂਦਰ ਨੂੰ ਘੇਰਿਆ
ਨਵੀਂ ਦਿੱਲੀ: ਭਾਜਪਾ ਆਗੂ ਅਤੇ ਉੱਤਰ ਪ੍ਰਦੇਸ਼ ਦੇ ਪੀਲੀਭੀਤ ਤੋਂ ਸੰਸਦ ਮੈਂਬਰ ਵਰੁਣ ਗਾਂਧੀ ਨੇ ਮਿਗ-21 ਹਾਦਸੇ ’ਤੇ ਟਵੀਟ ਕਰਦਿਆਂ ਕਿਹਾ, ‘‘ਬਾੜਮੇਰ ਵਿੱਚ ਬੀਤੀ ਰਾਤ ਹੋਏ ਹਾਦਸੇ ਕਾਰਨ ਪੂਰਾ ਦੇਸ਼ ਦੁੱਖ ਅਤੇ ਡੂੰਘੇ ਸਦਮੇ ਵਿੱਚ ਹੈ। ਕੁੱਝ ਸਾਲਾਂ ਤੋਂ ਮਿਗ-21 ਲਗਾਤਾਰ ਹਾਦਸਿਆਂ ਦਾ ਸ਼ਿਕਾਰ ਹੋ ਰਿਹਾ ਹੈ। ਇਹ ਇਕੱਲਾ ਜੰਗੀ ਜਹਾਜ਼ ਲਗਪਗ 200 ਪਾਇਲਟਾਂ ਦੀ ਜਾਨ ਲੈ ਚੁੱਕਿਆ ਹੈ। ਆਖ਼ਿਰ ਇਹ ‘ਉੱਡਦਾ ਤਾਬੂਤ’ ਕਦੋਂ ਸਾਡੇ ਬੇੜੇ ਵਿੱਚੋਂ ਹਟੇਗਾ?’’ ਉਨ੍ਹਾਂ ਸੁਆਲ ਕਰਦਿਆਂ ਕਿਹਾ, ‘‘ਦੇਸ਼ ਦੀ ਸੰਸਦ ਨੂੰ ਇਸ ਬਾਰੇ ਸੋਚਣਾ ਪਵੇਗਾ ਕਿ ਕੀ ਅਸੀਂ ਆਪਣੇ ਬੱਚਿਆਂ ਨੂੰ ਇਹ ਜਹਾਜ਼ ਉਡਾਉਣ ਦੀ ਇਜਾਜ਼ਤ ਦੇਵਾਂਗੇ?’’ -ਪੀਟੀਆਈ