ਸ੍ਰੀਨਗਰ, 12 ਅਗਸਤ
ਜੰਮੂ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ’ਚ ਅਤਿਵਾਦੀਆਂ ਨੇ ਬਿਹਾਰ ਦੇ ਇਕ ਮਜ਼ਦੂਰ ਦੀ ਹੱਤਿਆ ਕਰ ਦਿੱਤੀ ਹੈ। ਪੁਲੀਸ ਮੁਤਾਬਕ ਇਹ ਹਮਲਾ ਵੀਰਵਾਰ ਅੱਧੀ ਰਾਤ ਦੇ ਕਰੀਬ ਹੋਇਆ। ਅਤਿਵਾਦੀਆਂ ਵੱਲੋਂ ਇਸ ਸਾਲ ਹੁਣ ਤੱਕ ਚੌਥੇ ਗ਼ੈਰ ਕਸ਼ਮੀਰੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉਧਰ ਅਨੰਤਨਾਗ ਜ਼ਿਲ੍ਹੇ ਦੇ ਬਿਜਬੇਹਾੜਾ ਇਲਾਕੇ ’ਚ ਪੁਲੀਸ ਅਤੇ ਸੀਆਰਪੀਐੱਫ ਦੀ ਸਾਂਝੀ ਨਾਕਾ ਪਾਰਟੀ ’ਤੇ ਅਤਿਵਾਦੀਆਂ ਨੇ ਹਮਲਾ ਕੀਤਾ ਜਿਸ ’ਚ ਇਕ ਸੁਰੱਖਿਆ ਕਰਮੀ ਜ਼ਖ਼ਮੀ ਹੋ ਗਿਆ। ਜ਼ਖ਼ਮੀ ਹੋਏ ਪੁਲੀਸ ਕਰਮੀ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਅੱਧੀ ਰਾਤ ਤੋਂ ਬਾਅਦ ਅਤਿਵਾਦੀਆਂ ਵੱਲੋਂ ਫ਼ੌਜੀ ਕੈਂਪ ’ਤੇ ਕੀਤੇ ਗਏ ਹਮਲੇ ’ਚ ਚਾਰ ਜਵਾਨ ਸ਼ਹੀਦ ਹੋ ਗਏ ਸਨ। ਮੁਕਾਬਲੇ ’ਚ ਦੋਵੇਂ ਅਤਿਵਾਦੀਆਂ ਨੂੰ ਮਾਰ ਮੁਕਾਇਆ ਗਿਆ ਸੀ।
ਕਸ਼ਮੀਰ ਜ਼ੋਨ ਪੁਲੀਸ ਨੇ ਟਵਿੱਟਰ ’ਤੇ ਕਿਹਾ,‘‘ਵੀਰਵਾਰ ਅਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਅਤਿਵਾਦੀਆਂ ਨੇ ਬਾਂਦੀਪੋਰਾ ਦੇ ਸੋਡਨਾਰਾ ਸੁੰਬਲ ’ਚ ਬਿਹਾਰ (ਮਧੇਪੁਰਾ ਬੇਸਾੜ੍ਹ) ਦੇ ਮਜ਼ਦੂਰ ਮੁਹੰਮਦ ਅਮਰੇਜ਼ ’ਤੇ ਗੋਲੀਆਂ ਚਲਾ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ।’’ ਹਮਲੇ ਮਗਰੋਂ ਅਮਰੇਜ਼ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿਥੇ ਉਸ ਨੇ ਜ਼ਖ਼ਮਾਂ ਦੀ ਤਾਬ ਨਾ ਸਹਿੰਦਿਆਂ ਦਮ ਤੋੜ ਦਿੱਤਾ। ਅਮਰੇਜ਼ ਦੇ ਭਰਾ ਮੁਹੰਮਦ ਤਮਹੀਦ ਨੇ ਕਿਹਾ ਕਿ ਜਦੋਂ ਉਹ ਸੁੱਤੇ ਪਏ ਸਨ ਤਾਂ ਰਾਤ ਕਰੀਬ 12.20 ਵਜੇ ਉਨ੍ਹਾਂ ਗੋਲੀਆਂ ਦੀ ਆਵਾਜ਼ ਸੁਣੀ। ‘ਮੇਰੇ ਛੋਟੇ ਭਰਾ ਨੇ ਮੈਨੂੰ ਜਗਾ ਕੇ ਕਿਹਾ ਕਿ ਗੋਲੀਆਂ ਦੀ ਆਵਾਜ਼ ਆ ਰਹੀ ਹੈ। ਮੈਂ ਉਸ ਨੂੰ ਕਿਹਾ ਕਿ ਇੰਜ ਹੁੰਦਾ ਰਹਿੰਦਾ ਹੈ, ਤੂੰ ਜਾ ਕੇ ਸੌਂ ਜਾ। ਪਰ ਉਹ ਨਾ ਮੰਨਿਆ ਕਿਉਂਕਿ ਇਕ ਹੋਰ ਭਰਾ ਕਮਰੇ ’ਚ ਨਹੀਂ ਸੀ।’ ਉਹ ਜਦੋਂ ਪੌੜੀਆਂ ਤੋਂ ਹੇਠਾਂ ਉਤਰਿਆ ਤਾਂ ਅਮਰੇਜ਼ ਨੂੰ ਖੂਨ ’ਚ ਲੱਥ-ਪੱਥ ਦੇਖਿਆ। ਦੋਵੇਂ ਭਰਾਵਾਂ ਨੇ ਤੁਰੰਤ ਫ਼ੌਜ ਨੂੰ ਮੌਕੇ ’ਤੇ ਸੱਦਿਆ ਜੋ ਉਸ ਨੂੰ ਹਾਜਿਨ ਲੈ ਗਈ। ਤਮਹੀਦ ਨੇ ਦੱਸਿਆ ਕਿ ਡਾਕਟਰਾਂ ਨੇ ਅਮਰੇਜ਼ ਨੂੰ ਸ੍ਰੀਨਗਰ ਲਿਜਾਣ ਲਈ ਆਖਿਆ ਪਰ ਉਹ ਰਾਹ ’ਚ ਹੀ ਦਮ ਤੋੜ ਗਿਆ। -ਪੀਟੀਆਈ
ਨਿਤੀਸ਼ ਨੇ ਮਜ਼ਦੂਰ ਦੇ ਪਰਿਵਾਰ ਲਈ ਦੋ ਲੱਖ ਰੁਪਏ ਐਲਾਨੇ
ਪਟਨਾ: ਜੰਮੂ ਕਸ਼ਮੀਰ ਦੇ ਬਾਂਦੀਪੋਰਾ ’ਚ ਅਤਿਵਾਦੀਆਂ ਦੇ ਹਮਲੇ ’ਚ ਮਾਰੇ ਗਏ ਬਿਹਾਰ ਦੇ ਮਜ਼ਦੂਰ ਮੁਹੰਮਦ ਅਮਰੇਜ਼ ਦੀ ਮੌਤ ’ਤੇ ਦੁੱਖ ਜ਼ਾਹਿਰ ਕਰਦਿਆਂ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਉਸ ਦੇ ਪਰਿਵਾਰ ਨੂੰ ਮੁੱਖ ਮੰਤਰੀ ਰਾਹਤ ਫੰਡ ’ਚੋਂ ਦੋ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਪਰਿਵਾਰ ਨੂੰ ਨਿਯਮਾਂ ਮੁਤਾਬਕ ਹੋਰ ਲਾਭ ਵੀ ਦਿੱਤੇ ਜਾਣ। ਉਨ੍ਹਾਂ ਦਿੱਲੀ ’ਚ ਬਿਹਾਰ ਦੇ ਸਥਾਨਕ ਕਮਿਸ਼ਨਰ ਨੂੰ ਅਮਰੇਜ਼ ਦੀ ਦੇਹ ਜੱਦੀ ਪਿੰਡ ਪਹੁੰਚਾਉਣ ਦੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ। -ਪੀਟੀਆਈ