ਨਵੀਂ ਦਿੱਲੀ, 8 ਜਨਵਰੀ
ਮਸ਼ਹੂਰ ਗਾਇਕ ਮੀਕਾ ਸਿੰਘ ਨੇ ਪਾਣੀ ਦੀਆਂ ਬੋਤਲਾਂ ਦਾ ਨਵਾਂ ਬਰਾਂਡ ਅੱਜ ਲਾਂਚ ਕੀਤਾ। ਇਸ ਦੇ ਨਾਲ ਹੀ ਮੀਕਾ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ਨੂੰ ਲੈ ਕੇ ਕੇਂਦਰ ਖ਼ਿਲਾਫ਼ ਦਿੱਲੀ ਦੀ ਸਰਹੱਦ ’ਤੇ ਧਰਨਾ ਦੇ ਰਹੇ ਕਿਸਾਨਾਂ ਤੱਕ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਪਾਣੀ ਦੀਆਂ ਬੋਤਲਾਂ ਪੁੱਜਦੀਆਂ ਕੀਤੀਆਂ। ਮੀਕਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੀ ਧਰਨਾਕਾਰੀ ਕਿਸਾਨਾਂ ਦੀ ਮਦਦ ਕਰਨ ਦੀ ਅਪੀਲ ਕੀਤੀ। ਮੀਕਾ ਨੇ ਕਿਹਾ, ‘ਕਿਸਾਨ ਸਿਰਫ਼ ਆਪਣੇ ਹੱਕਾਂ ਲਈ ਹੀ ਨਹੀਂ, ਸਗੋਂ ਦੇਸ਼ ਦੇ ਹਿੱਤ ਲਈ ਧਰਨੇ ’ਤੇ ਬੈਠੇ ਹਨ। ਜੇਕਰ ਕਿਸਾਨਾਂ ਦਾ ਖ਼ਿਆਲ ਨਹੀਂ ਰੱਖਿਆ ਜਾਵੇਗਾ ਤਾਂ ਸਾਰੀ ਭੋਜਨ ਲੜੀ ਹੀ ਬਿਖਰ ਜਾਵੇਗੀ।’ ਮੀਕਾ ਨੇ ਕਿਹਾ, ‘ਪੰਜਾਬ ਤੋਂ ਆਏ ਕਿਸਾਨਾਂ ਨੇ ਇਸ ਸੰਘਰਸ਼ ਨੂੰ ਬਹੁਤ ਵੱਡਾ ਬਲ ਬਖ਼ਸ਼ਿਆ ਹੈ। ਅਸੀਂ ਆਪਣੇ ਤਰੀਕੇ ਨਾਲ ਜਿੰਨਾ ਹੋ ਸਕੇ ਯੋਗਦਾਨ ਪਾ ਰਹੇ ਹਾਂ। ਮੈਂ ਕਿਸਾਨਾਂ ਦੇ ਨਾਲ ਹਾਂ ਤੇ ਆਸ ਕਰਦਾ ਹਾਂ ਕਿ ਛੇਤੀ ਹੀ ਕੋਈ ਹੱਲ ਨਿਕਲ ਆਵੇਗਾ। ਧਰਨੇ ਵਿੱਚ ਕਿਸਾਨਾਂ ਨੂੰ ਠੰਢ ਵਿੱਚ ਬੈਠੇ ਦੇਖਣਾ ਤੇ ਨਿਤ ਦਿਨ ਮਰਦਿਆਂ ਵੇਖਣਾ ਬਹੁਤ ਹੀ ਦੁੱਖਦਾਈ ਹੈ। ਮੈਂ ਹਰੇਕ ਨੂੰ ਅਪੀਲ ਕਰਦਾ ਹਾਂ ਕਿ ਕਿਸਾਨਾਂ ਦੀ ਮਦਦ ਲਈ ਅੱਗੇ ਆਉਣ।’ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬੀ ਗਾਇਕ ਤੇ ਅਦਾਕਾਰ ਦਲਜੀਤ ਦੁਸਾਂਝ ਅਤੇ ਬੌਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਵੀ ਪੰਜਾਬ, ਹਰਿਆਣਾ ਅਤੇ ਹੋਰਨਾਂ ਰਾਜਾਂ ਵਿੱਚ ਲੋਕਾਂ ਨੂੰ ਕਿਸਾਨ ਧਰਨੇ ਦੀ ਹਮਾਇਤ ਵਿੱਚ ਅੱਗੇ ਆਉਣ ਲਈ ਪ੍ਰੇਰਿਆ ਹੈ। ਇਹ ਕਿਸਾਨ ਬੀਤੀ 26 ਨਵੰਬਰ ਤੋਂ ਦਿੱਲੀ ਦੀਆਂ ਸਰਹੱਦਾ ’ਤੇ ਬੈਠੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ।
-ਆਈਏਐੱਨਐੱਸ