ਨਵੀਂ ਦਿੱਲੀ: ਭਾਰਤ ਅਤੇ ਸੈਸ਼ਲਜ਼ ਵਿਚਕਾਰ 10 ਦਿਨੀਂ ਫ਼ੌਜੀ ਮਸ਼ਕਾਂ ਭਲਕੇ ਤੋਂ ਸ਼ੁਰੂ ਹੋਣਗੀਆਂ। ਖ਼ਿੱਤੇ ’ਚ ਚੀਨ ਦੇ ਵਧਦੇ ਅਸਰ ਦਰਮਿਆਨ ਹਿੰਦ ਮਹਾਸਾਗਰ ’ਚ ਸੁਰੱਖਿਆ ਸਹਿਯੋਗ ਨੂੰ ਹੋਰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਇਹ ਮਸ਼ਕਾਂ ਹੋ ਰਹੀਆਂ ਹਨ। ਫ਼ੌਜੀ ਮਸ਼ਕਾਂ 22 ਤੋਂ 31 ਮਾਰਚ ਤੱਕ ਸੈਸ਼ਲਜ਼ ਡਿਫੈਂਸ ਅਕੈਡਮੀ ’ਚ ਹੋਣਗੀਆਂ। ਰੱਖਿਆ ਮੰਤਰਾਲੇ ਨੇ ਕਿਹਾ ਕਿ ਸਾਂਝੀਆਂ ਮਸ਼ਕਾਂ ਦਾ ਉਦੇਸ਼ ਦੁਵੱਲੇ ਫ਼ੌਜੀ ਸਬੰਧਾਂ ਨੂੰ ਹੁਲਾਰਾ ਦੇਣਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕ ਸਿਖਲਾਈ, ਯੋਜਨਾ ਅਤੇ ਰਣਨੀਤਕ ਮਸ਼ਕਾਂ ’ਤੇ ਜ਼ੋਰ ਦੇਣਗੇ ਤਾਂ ਜੋ ਸੰਭਾਵਿਤ ਖ਼ਤਰਿਆਂ ਨੂੰ ਠੱਲ੍ਹ ਪਾਈ ਜਾ ਸਕੇ। ਮਸ਼ਕਾਂ ਦੌਰਾਨ ਨਵੇਂ ਯੁੱਗ ਦੇ ਸਾਜ਼ੋ-ਸਾਮਾਨ ਅਤੇ ਤਕਨਾਲੋਜੀ ਦਾ ਵੀ ਪ੍ਰਦਰਸ਼ਨ ਕੀਤਾ ਜਾਵੇਗਾ। -ਪੀਟੀਆਈ