ਕੁਲਦੀਪ ਸਿੰਘ
ਚੰਡੀਗੜ੍ਹ, 11 ਅਗਸਤ
ਛੇਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਦੀ ਮੰਗ ਸਬੰਧੀ ਪੰਜਾਬ-ਯੂਟੀ ਮੁਲਾਜ਼ਮ/ਪੈਨਸ਼ਨਰ ਸਾਂਝੇ ਫਰੰਟ ਦੀ ਕੈਬਨਿਟ ਸਬ-ਕਮੇਟੀ ਨਾਲ ਅੱਜ ਚੌਥੇ ਗੇੜ ਦੀ ਮੀਟਿੰਗ ਬੇਸਿੱਟਾ ਰਹੀ। ਮੁਲਾਜ਼ਮਾਂ ਨੇ ਸਰਕਾਰ ਦੇ 15 ਫ਼ੀਸਦੀ ਵਾਧੇ ਵਾਲਾ ਪ੍ਰਸਤਾਵ ਮਨਜ਼ੂਰ ਕਰਨ ਤੋਂ ਇਨਕਾਰ ਕਰ ਦਿੱਤਾ, ਜਦਕਿ ਮੰਤਰੀ ਆਪਣੀ ਗੱਲ ’ਤੇ ਬਜ਼ਿੱਦ ਰਹੇ। ਫਰੰਟ ਆਗੂਆਂ ਨਾਲ ਗੱਲਬਾਤ ਸਿਰੇ ਨਾ ਚੜ੍ਹਦੀ ਦੇਖ ਕਮੇਟੀ ਵਿੱਚ ਸ਼ਾਮਲ ਚੇਅਰਮੈਨ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਅਤੇ ਸਾਧੂ ਸਿੰਘ ਧਰਮਸੋਤ ਮੀਟਿੰਗ ’ਚੋਂ ਵਾਕਆਊਟ ਕਰ ਗਏ। ਫਰੰਟ ਦੇ ਆਗੂਆਂ ਵਿੱਚ ਸਤੀਸ਼ ਰਾਣਾ, ਜਰਮਨਜੀਤ ਸਿੰਘ, ਕਰਮ ਸਿੰਘ ਧਨੋਆ ਨੇ ਦੱਸਿਆ ਕਿ ਮੀਟਿੰਗ ਵਿੱਚ ਫਰੰਟ ਵੱਲੋਂ ਰਿਵਾਈਜ਼ਡ ਅਤੇ ਅਨ-ਰਿਵਾਈਜ਼ਡ ਸਕੇਲਾਂ ਵਾਲੇ ਮੁਲਾਜ਼ਮਾਂ ਲਈ ਵੱਖੋ-ਵੱਖਰੇ ਗੁਣਾਂਕ ਮੁਤਾਬਕ 20 ਫੀਸਦੀ ਵਾਧੇ ਦੀ ਮੰਗ ਕੀਤੀ ਗਈ ਸੀ ਜੋ ਸਰਕਾਰ ਨੂੰ ਮਨਜ਼ੂਰ ਨਹੀਂ ਹੋਈ।
ਸਰਕਾਰ ਆਪਣਾ 15 ਫੀਸਦੀ ਵਾਧੇ ਵਾਲਾ ਫ਼ੈਸਲਾ ਮੁਲਾਜ਼ਮਾਂ ’ਤੇ ਥੋਪਣਾ ਚਾਹੁੰਦੀ ਸੀ ਜਿਸ ਦਾ ਵਿਰੋਧ ਕੀਤਾ ਗਿਆ। ਆਗੂਆਂ ਨੇ ਕਿਹਾ ਕਿ 13 ਅਗਸਤ ਨੂੰ ਸੂਬੇ ਭਰ ਵਿੱਚ ਤਹਿਸੀਲ ਕੇਂਦਰਾਂ ’ਤੇ ਵੱਡੀਆਂ ਰੈਲੀਆਂ ਕਰਨ ਅਤੇ 20 ਅਗਸਤ ਨੂੰ ਜ਼ਿਲ੍ਹਾ ਪੱਧਰੀ ਰੈਲੀਆਂ ਕਰ ਕੇ ਮੰਤਰੀਆਂ ਦੇ ਘਰਾਂ ਵੱਲ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਹੈ। ਮਾਨਸੂਨ ਸੈਸ਼ਨ ਦੇ ਦੂਜੇ ਦਿਨ ਚੰਡੀਗੜ੍ਹ ਵਿੱਚ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਰੈਲੀ ਕੀਤੀ ਜਾਵੇਗੀ।