ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਨਵੀਂ ਦਿੱਲੀ, 23 ਸਤੰਬਰ
ਕੇਂਦਰੀ ਰੱਖਿਆ ਮੰਤਰਾਲੇ ਨੇ ਭਾਰਤੀ ਫੌਜ ਲਈ 118 ਅਰਜੁਨ ਐੱਮਕੇ-1ਏ ਟੈਂਕਾਂ ਦੀ ਸਪਲਾਈ ਲਈ ਆਰਡਰ ਭੇਜਿਆ ਹੈ। ਇਨ੍ਹਾਂ ਟੈਂਕਾਂ ਦੀ ਕੀਮਤ 7,523 ਕਰੋੜ ਰੁਪਏ ਹੈ ਤੇ ਇਹ ਟੈਂਕ ਕੇਂਦਰੀ ਰੱਖਿਆ ਮੰਤਰਾਲੇ ਦੀ ਹੈਵੀ ਵਾਹਨ ਫੈਕਟਰੀ (ਐੱਚਵੀਐੱਫ), ਅਵਾਦੀ, ਚੇਨਈ ਵੱਲੋਂ ਬਣਾਏ ਜਾਣਗੇ। ਜ਼ਿਕਰਯੋਗ ਹੈ ਕਿ ਐੱਮਕੇ-1ਏ ਟੈਂਕ ਅਸਲ ਵਿੱਚ ਅਰਜੁਨ ਟੈਂਕ ਦਾ ਹੀ ਸੋਧਿਆ ਹੋਇਆ ਰੂਪ ਹੈ। ਅਰਜੁਨ ਟੈਂਕ ਇਕ ਦਹਾਕੇ ਪਹਿਲਾਂ ਭਾਰਤੀ ਫੌਜ ਵਿੱਚ ਸ਼ਾਮਲ ਕੀਤਾ ਗਿਆ ਸੀ। ਐੱਮਕੇ-1ਏ ਟੈਂਕ ਦੀ ਗੋਲੀਬਾਰੀ ਦੀ ਤਾਕਤ ਤੇ ਜ਼ਮੀਨ ’ਤੇ ਚੱਲਣ ਦੀ ਰਫ਼ਤਾਰ ਅਰਜੁਨ ਟੈਂਕ ਨਾਲੋਂ ਕਾਫੀ ਵੱਧ ਹੈ।