ਨਵੀਂ ਦਿੱਲੀ, 4 ਮਾਰਚ
ਕੇਂਦਰੀ ਸਿਹਤ ਮੰਤਰਾਲਾ ਤੇ ਨੈਸ਼ਨਲ ਮੈਡੀਕਲ ਕਮਿਸ਼ਨ ਪੜ੍ਹਾਈ ਵਿਚਾਲੇ ਛੱਡ ਕੇ ਯੂਕਰੇਨ ਤੋਂ ਪਰਤੇ ਮੈਡੀਕਲ ਵਿਦਿਆਰਥੀਆਂ ਦੇ ਕੋਰਸਾਂ ਨੂੰ ਭਾਰਤ ਜਾਂ ਵਿਦੇਸ਼ ਦੇ ਨਿੱਜੀ ਕਾਲਜਾਂ ਤੋਂ ਪੂਰਾ ਕਰਵਾਉਣ ਲਈ ਬਦਲਵੇਂ ਪ੍ਰਬੰਧ ਜਾਂ ਐੱਨਐੱਮਸੀ (ਵਿਦੇਸ਼ੀ ਮੈਡੀਕਲ ਗਰੈਜੂਏਟ ਪ੍ਰਮਾਣ ਪੱਤਰ) ਰੈਗੂਲੇਸ਼ਨ 2021 ਵਿਚਲੀਆਂ ਵਿਵਸਥਾਵਾਂ ’ਚ ਰਾਹਤ ਜਿਹੀਆਂ ਸੰਭਾਵਨਾਵਾਂ ’ਤੇ ਵਿਚਾਰ ਕਰ ਰਿਹਾ ਹੈ। ਸੂਤਰਾਂ ਨੇ ਕਿਹਾ ਕਿ ਐੱਨਐੱਮਸੀ, ਸਿਹਤ ਮੰਤਰਾਲਾ, ਵਿਦੇਸ਼ ਮੰਤਰਾਲਾ ਤੇ ਨੀਤੀ ਆਯੋਗ ਦੇ ਅਧਿਕਾਰੀ ਜਲਦੀ ਹੀ ਅਹਿਮ ਮੀਟਿੰਗ ਕਰਨਗੇ ਤੇ ਇਸ ਮੁੱਦੇ ਉੱਤੇ ਲੋਕ ਹਿੱਤ ਆਧਾਰ ’ਤੇ ਪੂਰੀ ਹਮਦਰਦੀ ਨਾਲ ਨਜ਼ਰਸਾਨੀ ਕੀਤੀ ਜਾਵੇਗੀ। ਕੌਮੀ ਮੈਡੀਕਲ ਕਮਿਸ਼ਨ (ਵਿਦੇਸ਼ੀ ਮੈਡੀਕਲ ਗਰੈਜੂਏਟ ਲਾਇਸੈਂਸ਼ਿਏਟ) ਰੈਗੂਲੇਸ਼ਨ 2021 ਵਿਚਲੀਆਂ ਵਿਵਸਥਾਵਾਂ ਮੁਤਾਬਕ ਪੂਰਾ ਕੋਰਸ, ਸਿਖਲਾਈ ਤੇ ਇੰਟਰਨਸ਼ਿਪ ਜਾਂ ਕਲਰਕਸ਼ਿਪ ਭਾਰਤ ਤੋਂ ਬਾਹਰ ਸਮਾਨ ਵਿਦੇਸ਼ੀ ਮੈਡੀਕਲ ਸੰਸਥਾ ਤੋਂ ਕੀਤੀ ਜਾ ਸਕਦੀ ਹੈ। ਉਂਜ ਵਿਵਸਥਾਵਾਂ ਇਹ ਵੀ ਕਹਿੰਦੀਆਂ ਹਨ ਕਿ ਜਿਸ ਮੁਲਕ ਤੋਂ ਤੁਸੀਂ ਪ੍ਰਾਇਮਰੀ ਮੈਡੀਕਲ ਸਿੱਖਿਆ ਹਾਸਲ ਕੀਤੀ ਹੈ, ਉਸ ਨੂੰ ਛੱਡ ਕੇ ਤੁਸੀਂ ਭਾਰਤ ਜਾਂ ਫਿਰ ਕਿਸੇ ਹੋਰ ਮੁਲਕ ਵਿੱਚ ਮੈਡੀਕਲ ਸਿਖਲਾਈ ਤੇ ਇੰਟਰਨਸ਼ਿਪ ਨਹੀਂ ਕਰ ਸਕਦੇ। ਅਧਿਕਾਰਤ ਸੂਤਰ ਨੇ ਕਿਹਾ ਕਿ ਮੌਜੂਦਾ ਸਮੇਂ ਕੌਮੀ ਮੈਡੀਕਲ ਕਮਿਸ਼ਨ ਰੈਗੂਲੇਸ਼ਨਜ਼ ਤਹਿਤ ਅਜਿਹਾ ਕੋਈ ਨੇਮ ਜਾਂ ਵਿਵਸਥਾ ਨਹੀਂ ਹੈ, ਜੋ ਵਿਦੇਸ਼ ਵਿੱਚ ਪੜ੍ਹ ਰਹੇ ਮੈਡੀਕਲ ਵਿਦਿਆਰਥੀਆਂ (ਜਿਨ੍ਹਾਂ ਨੂੰ ਅੱਧ ਵਿਚਾਲੇ ਮੁੜਨਾ ਪਏ) ਨੂੰ ਚਲਦੇ ਜਾਂ ਮੌਜੂਦਾ ਵਿਦਿਅਕ ਸੈਸ਼ਨ ਦੌਰਾਨ ਭਾਰਤੀ ਮੈਡੀਕਲ ਕਾਲਜਾਂ ਵਿੱਚ ਥਾਂ ਦਿੰਦਾ ਹੋਵੇ। ਸੂਤਰ ਨੇ ਕਿਹਾ, ‘‘ਪਰ ਇਨ੍ਹਾਂ ਅਸਾਧਾਰਨ ਹਾਲਾਤ ਨੂੰ ਵੇਖਦਿਆਂ ਇਸ ਮੁੱਦੇ ਨੂੰ ਲੋਕ ਹਿੱਤ ਵਿੱਚ ਪੂਰੀ ਹਮਦਰਦੀ ਨਾਲ ਵਿਚਾਰਿਆ ਜਾਵੇਗਾ।’’ ਕਾਬਿਲੇਗੌਰ ਹੈ ਕਿ ਰੂਸ ਵੱਲੋਂ ਕੀਤੀ ਫੌਜੀ ਕਾਰਵਾਈ ਮਗਰੋਂ ਯੂਕਰੇਨ ਤੋਂ ਪਰਤੇ ਭਾਰਤੀ ਨਾਗਰਿਕਾਂ ’ਚੋਂ ਬਹੁਗਿਣਤੀ ਮੈਡੀਕਲ ਵਿਦਿਆਰਥੀਆਂ ਦੀ ਹੈ। ਯੂਕਰੇਨ ਵਿੱਚ ਐੱਮਬੀਬੀਐੱਸ ਕੋਰਸ 6 ਸਾਲ ਤੇ ਇੰਟਰਨਸ਼ਿਪ ਦੋ ਸਾਲ ਦੀ ਹੈ ਅਤੇ ਵੱਡੀ ਗੱਲ ਕਿ ਇਹ ਭਾਰਤ ਵਿਚਲੇ ਨਿੱਜੀ ਮੈਡੀਕਲ ਕਾਲਜਾਂ ਦੇ ਮੁਕਾਬਲੇ ਕਿਤੇ ਕਿਫ਼ਾੲਤੀ ਪੈਂਦਾ ਹੈ। -ਪੀਟੀਆਈ