ਨਵੀਂ ਦਿੱਲੀ, 12 ਜਨਵਰੀ
ਸੂਚਨਾ ਤੇ ਪ੍ਰਸਾਰਨ ਮੰਤਰਾਲੇ ਦਾ ਟਵਿੱਟਰ ਹੈਂਡਲ ਅੱਜ ਕੁਝ ਸਮੇਂ ਲਈ ਹੈਕ ਹੋ ਗਿਆ। ਹਾਲਾਂਕਿ ਮਗਰੋਂ ਇਹ ਬਹਾਲ ਹੋ ਗਿਆ। ਅਧਿਕਾਰੀਆਂ ਮੁਤਾਬਕ ਅਮਰੀਕੀ ਕਾਰੋਬਾਰੀ ਐਲੋਨ ਮਸਕ ਨੂੰ ਟੈਗ ਕਰ ਕੇ ਕੁਝ ਪੋਸਟਾਂ ਮੰਤਰਾਲੇ ਦੇ ਹੈਂਡਲ ਤੋਂ ਟਵੀਟ ਕਰ ਦਿੱਤੀਆਂ ਗਈਆਂ। ਇਕ ਅਧਿਕਾਰੀ ਨੇ ਕਿਹਾ ਕਿ 10-15 ਮਿੰਟ ਲਈ ਟਵਿੱਟਰ ਹੈਂਡਲ ਹੈਕ ਰਿਹਾ ਪਰ ਮਗਰੋਂ ਇਸ ਨੂੰ ਮੰਤਰਾਲੇ ਨੇ ਆਪਣੇ ਕਾਬੂ ਹੇਠ ਕਰ ਲਿਆ। ਇਸ ਉਤੇ ਕੁਝ ਪੋਸਟਾਂ ਤੇ ਜਵਾਬ ਸਨ ਜਿਨ੍ਹਾਂ ਵਿਚ ਐਲੋਨ ਮਸਕ ਨੂੰ ਟੈਗ ਕੀਤਾ ਗਿਆ ਸੀ। ਅਧਿਕਾਰੀ ਨੇ ਕਿਹਾ ਕਿ ਇਸ ਦੀ ਜਾਂਚ ਬਾਰੇ ਅਜੇ ਕੋਈ ਫ਼ੈਸਲਾ ਨਹੀਂ ਲਿਆ ਗਿਆ। ਰਿਪੋਰਟਾਂ ਮੁਤਾਬਕ ਹੈਕਰਾਂ ਨੇ ਮਸਕ ਦੀਆਂ ਕਈ ਪੋਸਟਾਂ ਨੂੰ ਰੀ-ਟਵੀਟ ਕਰ ਦਿੱਤਾ ਤੇ ਨਾਲ ਹੀ ਮੰਤਰਾਲੇ ਦੇ ਅਧਿਕਾਰਤ ਹੈਂਡਲ ਤੋਂ ‘ਗ੍ਰੇਟ ਜੌਬ’ ਟਵੀਟ ਕਰ ਦਿੱਤਾ। ਅਕਾਊਂਟ ਵਾਪਸ ਮਿਲਣ ’ਤੇ ਮੰਤਰਾਲੇ ਨੇ ਟਵੀਟ ਡਿਲੀਟ ਕਰ ਦਿੱਤੇ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟਵਿੱਟਰ ਹੈਂਡਲ ਵੀ ਹੈਕ ਕਰ ਲਿਆ ਗਿਆ ਸੀ। -ਪੀਟੀਆਈ