ਰਾਏਪੁਰ, 1 ਨਵੰਬਰ
ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਅੱਜ ਕਿਹਾ ਕਿ ਵਿਕਾਸ ਦੀ ਗਲਤ ਧਾਰਨਾ ਕੁਦਰਤ ਅਤੇ ਆਦਿਵਾਸੀਆਂ ਦੇ ਅਧਿਕਾਰਾਂ ਲਈ ਖਤਰਾ ਬਣ ਗਈ ਹੈ। ਰਾਏਪੁਰ ਦੇ ਸਰਕਾਰੀ ਸਾਇੰਸ ਕਾਲਜ ਵਿੱਚ ਤਿੰਨ ਰੋਜ਼ਾ ‘ਕੌਮੀ ਕਬਾਇਲੀ ਨਾਚ ਉਤਸਵ’ ਅਤੇ ‘ਰਾਜ ਉਤਸਵ’ ਦੇ ਉਦਘਾਟਨੀ ਸਮਾਗਮ ਦੌਰਾਨ ਬਘੇਲ ਨੇ ਕਿਹਾ ਕਿ ਇਸ ਨਾਚ ਉਤਸਵ ਦਾ ਮਕਸਦ ਆਦਿਵਾਸੀਆਂ ਦੀਆਂ ਸਦੀਆਂ ਪੁਰਾਣੀਆਂ ਪਰੰਪਰਾਵਾਂ ਅਤੇ ਅਧਿਕਾਰਾਂ ਦੀ ਰੱਖਿਆ ਕਰਨਾ ਹੈ। ਉਧਰ ਸੂਬੇ ਦੇ 42 ਆਦਿਵਾਸੀ ਭਾਈਚਾਰਿਆਂ ਦੀ ਜਥੇਬੰਦੀ ਛੱਤੀਸਗੜ੍ਹ ਸਰਵ ਆਦਿਵਾਸੀ ਸਮਾਜ (ਸੀਐੱਸਏਐੱਸ) ਨੇ ਸਰਕਾਰ ’ਤੇ ਆਦਿਵਾਸੀਆਂ ਦੇ ਰਾਖਵੇਂਕਰਨ ਦੇ ਅਧਿਕਾਰਾਂ ਦੀ ਰਾਖੀ ਕਰਨ ’ਚ ਨਾਕਾਮ ਰਹਿਣ ਦਾ ਦੋਸ਼ ਲਾਉਂਦਿਆਂ ਨਾਚ ਉਤਸਵ ਦੇ ਬਾਈਕਾਟ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਨਾਚ ਉਤਸਵ ਵਿੱਚ ਭਾਰਤ ਤੋਂ ਇਲਾਵਾ ਮੰਗੋਲੀਆ, ਰੂਸ, ਇੰਡੋਨੇਸ਼ੀਆ, ਸਰਬੀਆ, ਨਿਊਜ਼ੀਲੈਂਡ ਅਤੇ ਮਿਸਰ ਸਮੇਤ 10 ਹੋਰ ਦੇਸ਼ਾਂ ਦੇ 1500 ਦੇ ਕਰੀਬ ਕਲਾਕਾਰ ਹਿੱਸਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਵਿਕਾਸ ਦੀ ਗਲਤ ਧਾਰਨਾ ਕਾਰਨ ਅੱਜ ਕੁਦਰਤ ਹੀ ਖਤਰੇ ਵਿੱਚ ਪੈ ਗਈ ਹੈ। ਇਸ ਤੋਂ ਇਲਾਵਾ ਆਦਿਵਾਸੀਆਂ ਦੇ ‘ਜਲ, ਜੰਗਲ, ਜ਼ਮੀਨ’ ਦੇ ਅਧਿਕਾਰਾਂ ਲਈ ਵੀ ਖ਼ਤਰਾ ਵੱਧ ਗਿਆ ਹੈ। -ਪੀਟੀਆਈ