ਨਵੀਂ ਦਿੱਲੀ, 12 ਅਗਸਤ
ਟੋਕੀਓ ਓਲੰਪਿਕ ਵਿੱਚ ਭਾਰਤੀ ਨਿਸ਼ਾਨੇਬਾਜ਼ਾਂ ਵੱਲੋਂ ਕੀਤੇ ਗਏ ਮਾੜੇ ਪ੍ਰਦਰਸ਼ਨ ਦੀ ਤਿੰਨ ਹਿੱਸਿਆਂ ’ਚ ਸਮੀਖਿਆ ਕੀਤੀ ਜਾਵੇਗੀ ਅਤੇ ਭਾਰਤੀ ਨਿਸ਼ਾਨੇਬਾਜ਼ੀ ਫੈਡਰੇਸ਼ਨ ਦੇ ਅਧਿਕਾਰੀਆਂ ਦੇ ਪ੍ਰਦਰਸ਼ਨ ਦਾ ਮੁਲਾਂਕਣ ਵੀ ਹੋਵੇਗਾ।
ਭਾਰਤੀ ਕੌਮੀ ਰਾਈਫਲ ਐਸੋਸੀਏਸ਼ਨ (ਐੱਨਆਰਏਆਈ) ਨਾਲ ਸਬੰਧਤ ਇੱਕ ਸੂੁਤਰ ਨੇ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਤਿੰਨ ਹਿੱਸਿਆਂ ’ਚ ਕੀਤੀ ਜਾਣ ਵਾਲੀ ਸਮੀਖਿਆ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਸੂਤਰ ਨੇ ਦੱਸਿਆ, ‘ਸਮੀਖਿਆ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਅਤੇ ਇਹ ਤਿੰਨ ਹਿੱਸਿਆਂ ’ਚ ਹੋਵੇਗੀ। ਸਭ ਤੋਂ ਪਹਿਲਾਂ ਖਿਡਾਰੀਆਂ, ਕੋਚ ਅਤੇ ਸਹਿਯੋਗੀ ਸਟਾਫ ਅਤੇ ਫਿਰ ਕੌਮੀ ਫੈਡਰੇਸ਼ਨ ਦੇ ਅਧਿਕਾਰੀਆਂ ਦੀ ਸਮੀਖਿਆ ਹੋਵੇਗੀ।’
ਇਹ ਪੁੱਛਣ ’ਤੇ ਕਿ ਕੀ ਐੱਨਆਰਏਆਈ ਦੇ ਪ੍ਰਧਾਨ ਰਣਇੰਦਰ ਸਿੰਘ ਦਾ ਵੀ ਮੁਲਾਂਕਣ ਹੋਵੇਗਾ, ਦਾ ਹਾਂ-ਪੱਖੀ ਜਵਾਬ ਦਿੰਦਿਆਂ ਸੂਤਰ ਨੇ ਕਿਹਾ ਕਿ ਫੈਡਰੇਸ਼ਨ ਦੇ ਮੁਖੀ ਇਸ ਲਈ ਤਿਆਰ ਹਨ ਅਤੇ ਟੋਕੀਓ ਖੇਡਾਂ ਦੌਰਾਨ ਉਨ੍ਹਾਂ ਅਜਿਹੀ ਹੀ ਗੱਲ ਆਖੀ ਸੀ।’ ਸੂਤਰ ਮੁਤਾਬਕ, ‘ਕੋਈ ਸਹੀ ਅਕਸ ਵਾਲਾ ਵਿਅਕਤੀ ਫੈਡਰੇਸ਼ਨ ਦੇ ਅਧਿਕਾਰੀਆਂ ਦੇ ਪ੍ਰਦਰਸ਼ਨ ਦੀ ਸਮੀਖਿਆ ਕਰੇਗਾ।
ਟੋਕੀਓ ਓਲੰਪਿਕ ਨੂੰ ਨਿਰਾਸ਼ਾਜਨਕ ਪ੍ਰਦਰਸ਼ਨ ਮਗਰੋਂ ਕੌਮੀ ਫੈਡਰੇਸ਼ਨ ਦੀ ਨਜ਼ਰ ਢਾਂਚੇ ਵਿੱਚ ਵੱਡੇ ਫੇਰਬਦਲ ’ਤੇ ਹੈ। ਇੱਕ ਅਧਿਕਾਰੀ ਨੇ ਕਿਹਾ, ‘ਯਕੀਨੀ ਤੌਰ ’ਤੇ ਤੁਸੀਂ ਪੂਰੇ ਢਾਂਚੇ ਵਿੱਚ ਬਦਲਾਅ ਦੀ ਉਮੀਦ ਕਰ ਸਕਦੇ ਹੋ। ਸਭ ਦਾ ਤਫ਼ਸੀਲ ’ਚ ਮੁਲਾਂਕਣ ਹੋਵੇਗਾ ਕਿਉਂਕਿ ਟੋਕੀਓ ’ਚ ਅਸਫਲਤਾ ਪਿੱਛੇ ਕਾਰਨ ਲੱਭਣ ਦਾ ਯਤਨ ਕੀਤਾ ਜਾ ਰਿਹਾ ਹੈ।’ ਉਨ੍ਹਾਂ ਕਿਹਾ ਕਿ ਨਿਸ਼ਾਨੇਬਾਜ਼ਾਂ, ਕੋਚਾਂ ਤੇ ਸਹਿਯੋਗੀ ਸਟਾਫ ਦੀ ਸਮੀਖਿਆ ਐੱਨਆਰਏਆਈ ਪ੍ਰਧਾਨ, ਸਕੱਤਰ (ਰਾਜੀਵ ਭਾਟੀਆ) ਅਤੇ ਜਨਰਲ ਸਕੱਤਰ (ਡੀ.ਵੀ. ਸੀਤਾਰਾਮ ਰਾਓ) ਕਰਨਗੇ। -ਪੀਟੀਆਈ