ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 13 ਸਤੰਬਰ
ਮੁਜ਼ੱਫਰਨਗਰ ਕਿਸਾਨ-ਮਜ਼ਦੂਰ ਮਹਾਪੰਚਾਇਤ ਵਿੱਚ ‘ਮਿਸ਼ਨ ਉੱਤਰ ਪ੍ਰਦੇਸ਼’ ਦੀ ਸ਼ੁਰੂਆਤ ਅਤੇ ਲਖਨਊ ਵਿੱਚ ਸੰਯੁਕਤ ਕਿਸਾਨ ਮੋਰਚਾ-ਉੱਤਰ ਪ੍ਰਦੇਸ਼ ਦੀ ਮੀਟਿੰਗ ਵਿੱਚ ਮਿਸ਼ਨ ਦੀ ਤਫ਼ਸੀਲੀ ਯੋਜਨਾ ਅਤੇ ਪ੍ਰੋਗਰਾਮ ਤਿਆਰ ਕਰਨ ਮਗਰੋਂ ਕਿਸਾਨ ਪੂਰੀ ਤਰ੍ਹਾਂ ਸਰਗਰਮ ਹਨ। ਮੀਟਿੰਗ ਵਿੱਚ ਯੂਪੀ ਦੀਆਂ 85 ਕਿਸਾਨ ਯੂਨੀਅਨਾਂ ਇਕੱਠੀਆਂ ਹੋਈਆਂ ਸਨ। ਆਗੂਆਂ ਮੁਤਾਬਕ ਕਿਸਾਨ ਚੋਣਾਂ ਵਿੱਚ ਭਾਜਪਾ ਨੂੰ ਸਬਕ ਸਿਖਾਉਣ ਲਈ ਦ੍ਰਿੜ ਹਨ।
ਸੰਯੁਕਤ ਕਿਸਾਨ ਮੋਰਚਾ ਮੋਰਚੇ ਨੇ ਕਿਹਾ ਕਿ ਭਾਰਤ ਬੰਦ ਅਤੇ ‘ਮਿਸ਼ਨ ਉੱਤਰ ਪ੍ਰਦੇਸ਼’ ਲਈ ਹਰੇਕ ਪੱਧਰ ’ਤੇ ਕਈ ਪ੍ਰੋਗਰਾਮ ਕੀਤੇ ਜਾ ਰਹੇ ਹਨ। ਕਿਸਾਨ ਆਗੂ ਯੁੱਧਵੀਰ ਸਿੰਘ ਨੇ ਕਿਹਾ ਕਿ 27 ਸਤੰਬਰ ਨੂੰ ਭਾਰਤ ਬੰਦ ਦੀ ਯੋਜਨਾ ਬਣਾਉਣ ਲਈ ਉੱਤਰ ਪ੍ਰਦੇਸ਼ ਦੇ ਹਰ ਜ਼ਿਲ੍ਹੇ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਆਂ। ਮੋਰਚੇ ਨੇ ਕਿਹਾ ਕਿ ਪੱਛਮੀ ਉੱਤਰ ਪ੍ਰਦੇਸ਼ ਵਿੱਚ ਖੇਤੀ ਅੰਦੋਲਨ ਦੀ ਸਫਲਤਾ ਤੋਂ ਬਾਅਦ ਇਹ ਅੰਦੋਲਨ ਸੂਬੇ ਦੇ ਪੂਰਬੀ ਹਿੱਸੇ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਕਿਸਾਨ ਆਗਾਮੀ ਚੋਣਾਂ ਵਿੱਚ ਭਾਜਪਾ ਨੂੰ ਸਬਕ ਸਿਖਾਉਣ ਲਈ ਦ੍ਰਿੜ ਹਨ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਜੈਪੁਰ ਵਿੱਚ 15 ਸਤੰਬਰ ਨੂੰ ਕਿਸਾਨ ਸੰਸਦ ਕੀਤੀ ਜਾਵੇਗੀ, ਜਿੱਥੇ ਰਾਜਸਥਾਨ ਦੀਆਂ ਕਿਸਾਨ ਯੂਨੀਅਨਾਂ ਇਕੱਠੀਆਂ ਹੋ ਕੇ ਭਾਰਤ ਬੰਦ ਦੀ ਤਿਆਰੀ ਕਰਨਗੀਆਂ ਤੇ ਸੂਬੇ ਦੇ ਕਿਸਾਨਾਂ ਦੇ ਮੁੱਦੇ ਉਠਾਉਣਗੀਆਂ।
ਹਿਮਾਚਲ ਪ੍ਰਦੇਸ਼ਿਵੱਚ ਸੇਬ ਉਤਪਾਦਕ ਕਿਸਾਨਾਂ ਵੱਲੋਂ ਮੁਜ਼ਾਹਰਾ
ਕਿਸਾਨ ਆਗੂਆਂ ਨੇ ਦੱਸਿਆ ਕਿ ਅੱਜ ਹਿਮਾਚਲ ਪ੍ਰਦੇਸ਼ ਵਿੱਚ ਸੇਬ ਉਤਪਾਦਕ ਕਿਸਾਨਾਂ ਨੇ ਸੇਬਾਂ ਦੇ ਲਾਹੇਵੰਦ ਭਾਅ ਦੀ ਮੰਗ ਅਤੇ ਕਾਰਪੋਰੇਟਾਂ ਦੁਆਰਾ ਕੀਤੀ ਜਾ ਖੁੱਲ੍ਹੀ ਲੁੱਟ ਰੋਕਣੀ ਯਕੀਨੀ ਬਣਾਉਣ ਦੀਆਂ ਮੰਗਾਂ ਪ੍ਰਤੀ ਸਰਕਾਰ ਦੀ ਉਦਾਸੀਨਤਾ ਦਾ ਵਿਰੋਧ ਕੀਤਾ ਹੈ। ਜ਼ਿਕਰਯੋਗ ਹੈ ਇਸ ਸਾਲ ਅਡਾਨੀ ਐਗਰੀ ਫਰੈੱਸ਼ ਨੇ ਏ-ਗ੍ਰੇਡ ਪ੍ਰੀਮੀਅਮ ਸੇਬਾਂ ਦੀ ਦਰ 72 ਰੁਪਏ ਪ੍ਰਤੀ ਕਿਲੋ ਤੈਅ ਕੀਤੀ ਹੈ ਜੋ ਪਿਛਲੇ ਸਾਲ 88 ਰੁਪਏ ਪ੍ਰਤੀ ਕਿਲੋ ਸੀ। ਇਸ ਨਾਲ ਬਹੁਤੇ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸੇਬ ਉਤਪਾਦਕ ਕਿਸਾਨਾਂ ਦੇ ਰੋਸ ਮੁਜ਼ਾਹਰੇ ਵਿੱਚ ਟਮਾਟਰ, ਆਲੂ, ਲਸਣ, ਗੋਭੀ ਅਤੇ ਹੋਰ ਫਸਲਾਂ ਉਗਾਉਣ ਵਾਲੇ ਕਿਸਾਨ ਵੀ ਸ਼ਾਮਲ ਹੋਏ, ਜਿਹੜੇ ਸਾਰੀਆਂ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੀ ਮੰਗ ਕਰ ਰਹੇ ਹਨ।